
ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਦੇਣਾ ਪੰਜਾਬ ਦੇ ਹੱਕਾਂ ਉੱਤੇ ਡਾਕਾ- ਚੇਅਰਮੈਨ ਢਿੱਲੋਂ
- by Jasbeer Singh
- May 2, 2025

ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਦੇਣਾ ਪੰਜਾਬ ਦੇ ਹੱਕਾਂ ਉੱਤੇ ਡਾਕਾ- ਚੇਅਰਮੈਨ ਢਿੱਲੋਂ - ਕਿਹਾ! ਪਾਣੀਆਂ ਦੇ ਮੁੱਦੇ ਉੱਤੇ ਜਿੱਥੋਂ ਤੱਕ ਵੀ ਲੜਾਈ ਲੜਨੀ ਪਈ, ਲੜਾਂਗੇ - ਸੰਗਰੂਰ ਵਿਖੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਅੱਗੇ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਰੋਸ ਮੁਜਾਹਰਾ, ਪੁਤਲਾ ਫੂਕਿਆ ਸੰਗਰੂਰ, 2 ਮਈ : ਬੀਤੀ ਰਾਤ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਇੱਕ ਹੋਰ ਧੱਕਾ ਕਰਦਿਆਂ ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡ ਦਿੱਤਾ ਗਿਆ ਹੈ, ਜੋ ਕਿ ਸਰਾਸਰ ਪੰਜਾਬ ਦੇ ਹੱਕਾਂ ਉੱਤੇ ਡਾਕਾ ਹੈ। ਅਸੀਂ ਇਹ ਡਾਕਾ ਬਰਦਾਸ਼ਤ ਨਹੀਂ ਕਰਾਂਗੇ।" ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਚੇਅਰਮੈਨ ਸ੍ਰ ਦਲਵੀਰ ਸਿੰਘ ਢਿੱਲੋਂ ਨੇ ਸੰਗਰੂਰ ਵਿਖੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਅੱਗੇ ਇਸ ਬੇਇਨਸਾਫ਼ੀ ਵਿਰੁੱਧ ਦਿੱਤੇ ਗਏ ਧਰਨੇ ਅਤੇ ਰੋਸ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਸ ਤੋਂ ਪਹਿਲਾਂ ਬੜੇ ਸਪਸ਼ਟ ਲਫਜ਼ਾਂ ਵਿੱਚ ਭਾਖੜਾ ਡੈਮ ਪ੍ਰਬੰਧਕਾਂ ਅਤੇ ਕੇਂਦਰ ਸਰਕਾਰ ਨੂੰ ਸਪਸ਼ਟ ਕਰ ਚੁੱਕੇ ਹਨ ਕਿ ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਵਾਧੂ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਤਾਂ ਇਹ ਮੰਗ ਕਰ ਰਹੇ ਸੀ ਕਿ ਪਹਿਲਾਂ ਸਾਡੇ ਹਿੱਸੇ ਦਾ ਪਾਣੀ ਪੂਰਾ ਕੀਤਾ ਜਾਵੇ, ਪਰ ਭਾਜਪਾ ਸਰਕਾਰ ਨੇ ਪੰਜਾਬ ਨਾਲ ਧੱਕਾ ਕਰਦੇ ਹੋਏ ਇਸ ਵਿੱਚੋਂ ਵੀ 8500 ਕਿਊਸਿਕ ਪਾਣੀ ਹਰਿਆਣੇ ਨੂੰ ਛੱਡ ਦਿੱਤਾ । ਸ ਢਿੱਲੋਂ ਨੇ ਕਿਹਾ ਕਿ ਪੰਜਾਬ ਜੋ ਕਿ ਖੇਤੀ ਪ੍ਰਧਾਨ ਸੂਬਾ ਹੈ, ਪਹਿਲਾਂ ਹੀ ਜਲ ਸੰਕਟ ਦੀ ਮਾਰ ਹੇਠ ਹੈ। ਉਹਨਾਂ ਕਿਹਾ ਕਿ ਸਾਡਾ ਧਰਤੀ ਹੇਠਲਾ ਪਾਣੀ ਲਗਾਤਾਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਅਤੇ ਸਾਡੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਮੁੜ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾ ਕੇ ਧਰਤੀ ਹੇਠਲੇ ਪਾਣੀ ਤੋਂ ਥੋੜਾ ਪ੍ਰੈਸ਼ਰ ਘਟਾਇਆ ਹੈ ਪਰ ਕੇਂਦਰ ਸਰਕਾਰ ਨੇ ਪੰਜਾਬ ਦੇ ਪਾਣੀ ਉੱਤੇ ਡਾਕਾ ਮਾਰ ਕੇ ਪੰਜਾਬੀਆਂ ਨਾਲ ਸਿੱਧਾ ਧੱਕਾ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨੇ ਕੀਤਾ ਜਾ ਸਕਦਾ । ਇਸ ਮੌਕੇ ਸੰਬੋਧਨ ਕਰਦੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ (ਲੱਖਾ) ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਸ੍ਰ ਰਾਜਵੰਤ ਸਿੰਘ ਘੁਲੀ ਨੇ ਕਿਹਾ ਕਿ ਭਾਜਪਾ ਲਗਾਤਾਰ ਪੰਜਾਬ ਨਾਲ ਬੇਇਨਸਾਫ਼ੀ ਕਰ ਰਹੀ ਹੈ ਪਰ ਪੰਜਾਬ ਦੇ ਭਾਜਪਾ ਨੇਤਾ ਮੂਕ ਦਰਸ਼ਕ ਬਣ ਕੇ ਇਹ ਸਭ ਤਮਾਸ਼ਾ ਵੇਖ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਹੁਣ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਉਹ ਪੰਜਾਬ ਨਾਲ ਨਹੀਂ ਬਲਕਿ ਦਿੱਲੀ ਅਤੇ ਹਰਿਆਣੇ ਨਾਲ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਪੰਜਾਬੀ ਅਤੇ ਪੰਜਾਬ ਦੀ ਸਰਕਾਰ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਲਈ ਸਾਨੂੰ ਜਿੱਥੋਂ ਤੱਕ ਵੀ ਲੜਾਈ ਲੜਨੀ ਪਈ ਅਸੀਂ ਲੜਾਂਗੇ । ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਲੋਕ ਅਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂ ਵੱਡੀ ਗਿਣਤੀ ਵਿੱਚ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ।