
 (14)-1729513281.jpg)
ਪੰਜਾਬ : ਕੇਂਦਰ ਸਰਕਾਰ ਵੱਲੋਂ ਗੁਡਜ਼ ਐਂਡ ਸਰਵਿਸਿਜ਼ ਟੈਕਸ ਜੀ.ਐਸ.ਟੀ .ਵਿਚ ਕਟੌਤੀ ਕਰਨ ਦੀ ਯੋਜਨਾ ਹੈ। ਇਸ ਸਬੰਧੀ ਗਰੁੱਪ ਆਫ ਮਨਿਸਟਰ ਦੀ ਮੀਟਿੰਗ ਹੋਈ ਜਿਸ ਵਿਚ ਕਈ ਵਸਤੂਆਂ ਉਤੇ ਜੀਐਸਟੀ ਘਟਾਉਣ ਸਬੰਧੀ ਪ੍ਰਸਤਾਵ ਪੇਸ਼ ਕੀਤੇ ਗਏ।ਜੀਵਨ ਬੀਮਾ ਪਾਲਿਸੀਆਂ ਤੇ ਸੀਨੀਅਰ ਸਿਟੀਜ਼ਨਸ ਦੇ ਸਿਹਤ ਬੀਮਾ ਪ੍ਰੀਮੀਅਮਾਂ ਉਤੇ ਜੀਐੱਸਟੀ ਤੋਂ ਰਾਹਤ ਮਿਲ ਸਕਦੀ ਹੈ। ਸੂਬਿਆਂ ਦੇ ਮੰਤਰੀਆਂ ਉਤੇ ਆਧਾਰਿਤ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਨੇ ਆਮ ਆਦਮੀ ਨੂੰ ਲਾਹਾ ਦੇਣ ਲਈ ਟੈਕਸਾਂ ਵਿਚ ਕਟੌਤੀ ਦੀ ਹਮਾਇਤ ਕੀਤੀ ਹੈ।ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮਾਂ ’ਤੇ ਜੀਐੱਸਟੀ ਬਾਰੇ ਫ਼ੈਸਲਾ ਲੈਣ ਲਈ ਬਣੀ ਮੰਤਰੀਆਂ ਦੇ ਸਮੂਹ ਦੀ ਮੀਟਿੰਗ ’ਚ ਸੀਨੀਅਰ ਸਿਟੀਜ਼ਨਸ ਤੋਂ ਇਲਾਵਾ ਹੋਰ ਵਿਅਕਤੀਆਂ ਵੱਲੋਂ 5 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਲਈ ਭੁਗਤਾਨ ਕੀਤੇ ਗਏ ਪ੍ਰੀਮੀਅਮ ਉਤੇ ਜੀਐੱਸਟੀ ਤੋਂ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ। ਉਂਜ 5 ਲੱਖ ਰੁਪਏ ਤੋਂ ਵਧ ਦੇ ਸਿਹਤ ਬੀਮਾ ਕਵਰ ਉਤੇ 18 ਫ਼ੀਸਦੀ ਜੀਐੱਸਟੀ ਜਾਰੀ ਰਹੇਗਾ। ਇਸ ਤੋਂ ਇਲਾਵਾ ਜੀਐਸਟੀ ਦਰ ਤਰਕਸੰਗਤ ਬਣਾਉਣ ਲਈ ਵੱਖਰੇ ਮੰਤਰੀ ਸਮੂਹ ਨੇ ਮੀਟਿੰਗ ਕਰਕੇ ਸੁਝਾਅ ਦਿੱਤਾ ਕਿ ਜੀਐੱਸਟੀ ਕੌਂਸਲ ਪੈਕੇਜਡ ਪੀਣ ਵਾਲੇ ਪਾਣੀ, ਸਾਈਕਲ, ਕਾਪੀਆਂ, ਮਹਿੰਗੀਆਂ ਘੜੀਆਂ ਤੇ ਜੁੱਤਿਆਂ ਸਮੇਤ ਕਈ ਵਸਤਾਂ ਉਤੇ ਟੈਕਸ ਦਰਾਂ ’ਚ ਫੇਰਬਦਲ ਕਰੇ। ਸਿਹਤ ਤੇ ਜੀਵਨ ਬੀਮਾ ਪ੍ਰੀਮੀਅਮਾਂ ਉਤੇ ਜੀਐਸਟੀ ਅਤੇ ਹੋਰ ਵਸਤਾਂ ’ਤੇ ਟੈਕਸ ਬਾਰੇ ਅੰਤਿਮ ਫ਼ੈਸਲਾ ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਹੇਠਲੀ ਜੀਐੱਸਟੀ ਕੌਂਸਲ ਵੱਲੋਂ ਲਏ ਜਾਣ ਦੀ ਸੰਭਾਵਨਾ ਹੈ ਜਿਸ ਦੀ ਮੀਟਿੰਗ ਅਗਲੇ ਮਹੀਨੇ ਤੈਅ ਹੈ।