
ਪੰਜਾਬੀ ਯੂਨੀਵਰਸਿਟੀ ਵਿਖੇ 'ਪੰਚਬਟੀ ਸੰਦੇਸ਼' ਰਸਾਲੇ ਦਾ ‘ਗਿਆਨੀ ਕਿਰਪਾਲ ਸਿੰਘ ਵਿਸ਼ੇਸ਼ ਅੰਕ’ ਰਿਲੀਜ਼
- by Jasbeer Singh
- November 26, 2024

ਪੰਜਾਬੀ ਯੂਨੀਵਰਸਿਟੀ ਵਿਖੇ 'ਪੰਚਬਟੀ ਸੰਦੇਸ਼' ਰਸਾਲੇ ਦਾ ‘ਗਿਆਨੀ ਕਿਰਪਾਲ ਸਿੰਘ ਵਿਸ਼ੇਸ਼ ਅੰਕ’ ਰਿਲੀਜ਼ ਪਟਿਆਲਾ, 26 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਡਾ. ਬਲਬੀਰ ਸਿੰਘ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਨਾਲ਼ ਸੰਬੰਧਤ ਮੈਗਜ਼ੀਨ ‘ਪੰਚਬਟੀ ਸੰਦੇਸ਼’ ਦਾ ਅਪ੍ਰੈਲ-ਅਕਤੂਬਰ ਅੰਕ ਅੱਜ ਇੱਥੇ ਪਟਿਆਲਾ ਵਿਚਲੇ ਯੂਨੀਵਰਸਿਟੀ ਕੈੰਪਸ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ । ਗਿਆਨੀ ਕਿਰਪਾਲ ਸਿੰਘ ਨਾਲ ਸੰਬੰਧਿਤ ਇਹ ਵਿਸ਼ੇਸ਼ ਅੰਕ ਇਹਨਾਂ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਪੰਥਕ ਸੇਵਾਵਾਂ ਪ੍ਰਤੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ । ਇਹਨਾਂ ਦਾ ਸਮੁੱਚਾ ਜੀਵਨ ਸਿੱਖ ਪੰਥ ਦੀ ਸੇਵਾ ਅਤੇ ਸਿੱਖ ਧਰਮ ਗ੍ਰੰਥਾਂ ਦੇ ਅਧਿਐਨ ਪ੍ਰਤੀ ਸਮਰਪਿਤ ਰਿਹਾ ਹੈ । ਡੀਨ ਅਕਾਦਮਿਕ ਮਾਮਲੇ ਡਾ. ਨਰਿੰਦਰ ਕੌਰ ਨੇ ਗਿਆਨੀ ਕਿਰਪਾਲ ਸਿੰਘ ਸੰਬੰਧੀ ਇਹ ਵਿਸ਼ੇਸ਼ ਅੰਕ ਰਿਲੀਜ਼ ਕਰਦੇ ਹੋਏ ਕਿਹਾ ਕਿ ਇਹ ਅੰਕ ਸਿੱਖ ਧਰਮ ਦੇ ਖੋਜਾਰਥੀਆਂ ਅਤੇ ਵਿਿਦਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ । ਕੇਂਦਰ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਡਾ. ਕੁਲਵਿੰਦਰ ਸਿੰਘ ਦੇਹਰਾਦੂਨ ਦੇ ਸਹਿਯੋਗ ਨਾਲ ਇਹ ਅੰਕ ਤਿਆਰ ਕੀਤਾ ਗਿਆ ਹੈ। ਗਿਆਨੀ ਜੀ ਵੱਲੋਂ ਤਿਆਰ ਕੀਤੀ ਗਈ ਸਵੈ-ਜੀਵਨੀ ਨਾਲ ਸੰਬੰਧਿਤ ਮਹੱਤਵਪੂਰਨ ਅੰਸ਼ ਇਸ ਅੰਕ ਵਿਚ ਸ਼ਾਮਲ ਕੀਤੇ ਗਏ ਹਨ। ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਦੇ ਘਟਨਾਕ੍ਰਮ ਦੌਰਾਨ ਗਿਆਨੀ ਕਿਰਪਾਲ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਇਸ ਸਮੇਂ ਸਮੂਹ ਸਿੱਖ ਆਗੂ ਜੇਲ੍ਹਾਂ ਵਿਚ ਬੰਦ ਸਨ ਅਤੇ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ-ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਦੇ ਸਹਿਯੋਗ ਨਾਲ ਪੰਥ ਦੀ ਅਗਵਾਈ ਕੀਤੀ ਸੀ । ਗਿਆਨੀ ਸਾਹਿਬ ਸਿੰਘ ਜੀ ਦੀ ਵਿਸ਼ੇਸ਼ ਇੰਟਰਵਿਊ ਕਰਕੇ ਇਸ ਅੰਕ ਵਿਚ ਛਾਪੀ ਗਈ ਹੈ, ਜਿਸ ਵਿਚੋਂ ਸਿੱਖ ਪੰਥ ਨਾਲ ਸੰਬੰਧਿਤ ਮਹੱਤਵਪੂਨ ਮਸਲਿਆਂ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਗਿਆਨੀ ਕਿਰਪਾਲ ਸਿੰਘ ਜੀ ਪੰਥਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਾਰਾ ਜੀਵਨ ਸਿੱਖ ਅਧਿਐਨ ਨਾਲ ਜੁੜੇ ਰਹੇ ਅਤੇ ਉਹਨਾਂ ਨੇ ਆਪਣੇ ਜੀਵਨ ਵਿਚ ਬਹੁਤ ਮਹੱਤਵਪੂਰਨ ਅਕਾਦਮਿਕ ਕਾਰਜ ਕੀਤੇ ਸਨ । ਰਿਲੀਜ਼ ਮੌਕੇ ਸਿੱਖ ਧਰਮ ਵਿਸ਼ਵਕੋਸ਼ ਦੇ ਸਾਬਕਾ ਮੁੱਖ-ਸੰਪਾਦਕ ਡਾ. ਧਰਮ ਸਿੰਘ, ਸਿੱਖ ਵਿਸ਼ਵਕੋਸ਼ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਕੌਰ ਸੰਧੂ, ਡਾ. ਮੁਹੰਮਦ ਇਦਰੀਸ, ਡਾ. ਕਸ਼ਮੀਰ ਸਿੰਘ, ਸ. ਗੁਰਮੇਲ ਸਿੰਘ, ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ ।