post

Jasbeer Singh

(Chief Editor)

Punjab

ਹਰਭਜਨ ਸਿੰਘ ਈ. ਟੀ. ਓ. ਵੱਲੋਂ ਅਧਿਕਾਰੀਆਂ ਨੂੰ ਨਗਰ ਕੀਰਤਨਾਂ ਦੀ ਸੁਰੱਖਿਅਤ ਅਤੇ ਸੁਵਿਧਾਜਨਕ ਲਾਂਘੇ ਨੂੰ ਯਕੀਨੀ ਬਣਾਉਣ

post-img

ਹਰਭਜਨ ਸਿੰਘ ਈ. ਟੀ. ਓ. ਵੱਲੋਂ ਅਧਿਕਾਰੀਆਂ ਨੂੰ ਨਗਰ ਕੀਰਤਨਾਂ ਦੀ ਸੁਰੱਖਿਅਤ ਅਤੇ ਸੁਵਿਧਾਜਨਕ ਲਾਂਘੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਲੋਕ ਨਿਰਮਾਣ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਣ ਵਾਲੇ ਸੜਕੀ ਨੈੱਟਵਰਕ ਦਾ ਲਿਆ ਜਾਇਜ਼ਾ ਸੂਬੇ ਭਰ ਵਿੱਚ ਕੌਮੀ ਰਾਜਮਾਰਗਾਂ ਦੀ ਸਥਿਤੀ ਬਾਰੇ ਮੰਗੀ ਰਿਪੋਰਟ ਚੰਡੀਗੜ੍ਹ, 14 ਅਕਤੂਬਰ 2025 : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਮੱਦੇਨਜ਼ਰ ਅਹਿਮ ਕਦਮ ਚੁੱਕਦਿਆਂ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਸਜਾਏ ਜਾ ਰਹੇ ਨਗਰ ਕੀਰਤਨਾਂ ਦੇ ਸੁਰੱਖਿਅਤ ਅਤੇ ਸੁਵਿਧਾਜਨਕ ਲਾਂਘੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਲੋਕ ਨਿਰਮਾਣ ਮੰਤਰੀ ਨੇ ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ, ਐਸ. ਏ. ਐਸ. ਨਗਰ ਵਿਖੇ ਹੋਈ ਮੀਟਿੰਗ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੇ ਸਮੁੱਚੇ ਸੜਕੀ ਨੈੱਟਵਰਕ ਦਾ ਜਾਇਜ਼ਾ ਲਿਆ ਅਤੇ ਕੌਮੀ ਰਾਜਮਾਰਗਾਂ ਤੇ ਮੁੱਖ ਰਸਤਿਆਂ ਦੀ ਸਥਿਤੀ ਬਾਰੇ ਰਿਪੋਰਟ ਮੰਗੀ । ਉਨ੍ਹਾਂ ਇਸ ਪਵਿੱਤਰ ਮੌਕੇ ਸੂਬੇ ਭਰ ਵਿੱਚ ਸਜਾਏ ਜਾ ਰਹੇ ਨਗਰ ਕੀਰਤਨਾਂ ਦੇ ਰੂਟਾਂ ਨਾਲ ਸਬੰਧਤ ਸੜਕੀ ਨੈੱਟਵਰਕ ਦਾ ਮੁਲਾਂਕਣ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਤੁਰੰਤ ਅਤੇ ਸੁਚੱਜੇ ਤਾਲਮੇਲ ਲਈ ਨਗਰ ਕੀਰਤਨ ਦੇ ਰੂਟ ਪਹਿਲਾਂ ਹੀ ਸਾਰੇ ਸਬੰਧਤ ਵਿਭਾਗਾਂ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ। ਲੋਕ ਨਿਰਮਾਣ ਮੰਤਰੀ ਨੂੰ ਦੱਸਿਆ ਗਿਆ ਕਿ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮਾਂ ਲਈ ਬੋਲੀਆਂ ਦੀ ਮੰਗ ਕੀਤੀ ਗਈ ਹੈ ਅਤੇ ਪਵਿੱਤਰ ਨਗਰ ਕੀਰਤਨਾਂ ਦੇ ਨਿਰਵਿਘਨ ਲਾਂਘੇ ਲਈ ਸਾਰੇ ਪ੍ਰੋਜੈਕਟ ਸਮੇਂ ਸਿਰ ਮੁਕੰਮਲ ਕਰ ਲਏ ਜਾਣਗੇ। ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਤੋਂ ਜੰਮੂ-ਕਸ਼ਮੀਰ ਦੀ ਸਰਹੱਦ ਤੋਂ ਦਸੂਹਾ, ਗੁਦਾਸਪੁਰ ਤੋਂ ਅੰਮ੍ਰਿਤਸਰ, ਕਪੂਰਥਲਾ ਤੋਂ ਸ੍ਰੀ ਅਨੰਦਪੁਰ ਸਾਹਿਬ ਵਾਇਆ ਬੰਗਾ ਅਤੇ ਬਲਾਚੌਰ, ਤਲਵੰਡੀ ਸਾਬੋ ਤੋਂ ਬਨੂੜ ਵਾਇਆ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ ਅਤੇ ਫਰੀਦਕੋਟ ਤੋਂ ਸਰਹੰਦ ਵਾਇਆ ਫਿਰੋਜ਼ਪੂਰ, ਮੋਗਾ, ਜਗਰਾਉਂ, ਲੁਧਿਆਣਾ, ਖੰਨਾ ਅਤੇ ਬਨੂੜ ਤੋਂ ਸ੍ਰੀ ਅਨੰਦਪੁਰ ਸਾਹਿਬ ਵਾਇਆ ਕੁਰਾਲੀ ਅਤੇ ਰੂਪਨਗਰ ਤੱਕ ਪ੍ਰਮੁੱਖ ਮਾਰਗਾਂ ਨੂੰ ਜੋੜਨ ਵਾਲੇ ਕੌਮੀ ਮਾਰਗਾਂ ਦੀ ਸਥਿਤੀ ਬਾਰੇ ਰਿਪੋਰਟ ਮੰਗੀ । ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਸੜਕਾਂ ਦੇ ਇਨ੍ਹਾਂ ਹਿੱਸਿਆਂ ਦੇ ਨਾਲ ਲੱਗਦੀਆਂ ਸਰਵਿਸ ਲੇਨਾਂ ਦੀ ਸੁਚੱਜੇ ਢੰਗ ਨਾਲ ਸਾਂਭ-ਸੰਭਾਲ ਕਰਨ ਦੇ ਨਿਰਦੇਸ਼ ਦਿੱਤੇ ਕਿਉਂਕਿ ਨਗਰ ਕੀਰਤਨ ਦੌਰਾਨ ਮੁੱਖ ਤੌਰ 'ਤੇ ਸਰਵਿਸ ਲੇਨਾਂ ਦੀ ਵਰਤੋਂ ਕੀਤੀ ਜਾਵੇਗੀ। ਐਨ.ਐਚ.ਏ.ਆਈ. ਦੇ ਪ੍ਰੋਜੈਕਟ ਡਾਇਰੈਕਟਰਾਂ ਨੇ ਦੱਸਿਆ ਕਿ ਜ਼ਿਆਦਾਤਰ ਖੇਤਰਾਂ ਵਿੱਚ ਸੜਕਾਂ ਚੰਗੀ ਸਥਿਤੀ 'ਚ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਫੁੱਟਪਾਥ, ਸਾਈਨੇਜ ਅਤੇ ਹਾਈਵੇਅ 'ਤੇ ਲਾਈਟਾਂ ਸਮੇਤ ਮੁਰੰਮਤ ਦੇ ਸਾਰੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣਗੇ । ਹਰਭਜਨ ਸਿੰਘ ਈ. ਟੀ. ਓ. ਨੇ ਨਗਰ ਕੀਰਤਨਾਂ ਦੇ ਸੁਰੱਖਿਅਤ ਅਤੇ ਸੁਵਿਧਾਜਨਕ ਲਾਂਘੇ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਾਅ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਕਿ ਪਾਣੀ ਜਮਾਂ ਹੋਣ ਤੋਂ ਰੋਕਣ ਲਈ ਸੜਕ ਕਿਨਾਰੇ ਪੱਕੇ ਨਾਲਿਆਂ ਦੀ ਸਫਾਈ ਕੀਤੀ ਜਾਵੇ ਅਤੇ ਦੁਰਘਟਨਾਵਾਂ ਤੋਂ ਬਚਣ ਲਈ ਇਹਨਾਂ ਨੂੰ ਪ੍ਰੀਕਾਸਟ ਸਲੈਬਾਂ ਨਾਲ ਢੱਕਿਆ ਜਾਵੇ। ਲੋਕ ਨਿਰਮਾਣ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਹਨਾਂ ਰੂਟਾਂ ਦੇ ਨਾਲ-ਨਾਲ ਓਵਰਹੈੱਡ ਅਤੇ ਸਾਈਡ ਬਿਜਲੀ ਟਰਾਂਸਮਿਸ਼ਨ ਲਾਈਨਾਂ ਨੂੰ ਸੁਰੱਖਿਅਤ ਉਚਾਈ ਤੱਕ ਉੱਚਾ ਕੀਤਾ ਜਾਵੇ । ਉਨ੍ਹਾਂ ਅੱਗੇ ਹਦਾਇਤ ਕੀਤੀ ਕਿ ਰਸਤਿਆਂ ਦੇ ਨਾਲ-ਨਾਲ ਦਰੱਖਤਾਂ ਦੀਆਂ ਟਾਹਣੀਆਂ ਦੀ ਕਟਾਈ ਪਹਿਲ ਦੇ ਆਧਾਰ 'ਤੇ ਕੀਤੀ ਜਾਵੇ । ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰਾਂ ਨੂੰ ਕਿਹਾ ਕਿ ਉਹ ਨਗਰ ਕੀਰਤਨਾਂ ਦੇ ਸੁਚਾਰੂ ਲਾਂਘੇ ਨੂੰ ਯਕੀਨੀ ਬਣਾਉਣ ਲਈ ਐਨ.ਐਚ.ਏ.ਆਈ., ਐਮ. ਓ. ਆਰ. ਟੀ. ਐਂਡ ਐਚ, ਪੀ. ਐਸ. ਪੀ. ਸੀ. ਐਲ., ਪੀ. ਐਸ. ਟੀ. ਸੀ .ਐਲ., ਡਰੇਨੇਜ ਅਤੇ ਜੰਗਲਾਤ ਵਿਭਾਗਾਂ ਅਤੇ ਹੋਰ ਸਬੰਧਤ ਏਜੰਸੀਆਂ ਸਮੇਤ ਸਾਰੇ ਭਾਈਵਾਲਾਂ ਨਾਲ ਨੇੜਿਓਂ ਤਾਲਮੇਲ ਬਣਾਈ ਰੱਖਣ । ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੇ ਜੁਆਇੰਟ ਸਕੱਤਰ ਅਮਰਬੀਰ ਸਿੱਧੂ, ਇੰਜੀਨੀਅਰ-ਇਨ-ਚੀਫ਼ ਸ੍ਰੀ ਗਗਨਦੀਪ ਸਿੰਘ, ਮੁੱਖ ਇੰਜੀਨੀਅਰ ਰਾਮਤੇਸ਼ ਬੈਂਸ ਅਤੇ ਅਨਿਲ ਗੁਪਤਾ ਸਮੇਤ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੋ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ । ਇਸ ਤੋਂ ਇਲਾਵਾ ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਪ੍ਰੋਜੈਕਟ ਡਾਇਰੈਕਟਰ ਵੀ ਮੌਜੂਦ ਸਨ ।

Related Post