ਮਲੇਰੀਆ ਰੋਕੂ ਮਹੀਨੇ ਦੌਰਾਨ ਹੈਲਥ ਸੁਪਰਵਾਈਜ਼ਰਜ਼ ਦੀ ਕੀਤੀ ਗਈ ਮੀਟਿੰਗ ਪਟਿਆਲਾ, 2 ਜੂਨ : ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਲੇਰੀਆ ਰੋਕੂ ਮਹੀਨੇ ਦੌਰਾਨ ਹੈਲਥ ਇੰਸਪੈਕਟਰਜ਼ ਦੀ ਮੀਟਿੰਗ ਸੀਐਸ ਆਫਿਸ ਵਿੱਚ ਕੀਤੀ ਗਈ।ਜੂਨ ਮਹੀਨੇ ਦੌਰਾਨ ਮਾਈਗ੍ਰੇਟਰੀ ਆਬਾਦੀ ਵਿੱਚ ਮਲੇਰੀਆ ਸਰਵੇਲੈਂਸ ਨੂੰ ਵਧਾਉਣ ਲਈ ਇਹ ਮੀਟਿੰਗ ਰੱਖੀ ਗਈ । ਇਸ ਦੌਰਾਨ ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਨੇ ਹੈਲਥ ਇੰਸਪੈਕਟਰਜ਼ ਨੂੰ ਹਦਾਇਤ ਕੀਤੀ ਕਿ ਪਿਛਲੇ ਪੰਜ ਸਾਲਾਂ ਦੌਰਾਨ ਪਾਏ ਗਏ ਮਲੇਰੀਆ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮਾਈਗ੍ਰੇਟਰੀ ਇਲਾਕਿਆਂ ਵਿੱਚ ਵੀ ਫੀਵਰ ਸਰਵੇ ਕਰ ਮਲੇਰੀਆ ਜਾਂਚ ਕਰਨੀ ਯਕੀਨੀ ਬਣਾਈ ਜਾਵੇ। ਇਸ ਮਹੀਨੇ ਦੌਰਾਨ ਮਾਈਗ੍ਰੇਟਰੀ ਰਾਊਂਡ ਦੇ ਚੱਲਦਿਆਂ ਮੌਕੇ ਉੱਤੇ ਹੀ ਰੈਪਿਡ ਕਿਟਾਂ ਦੀ ਵਰਤੋਂ ਕਰਦੇ ਹੋਏ ਮਲੇਰੀਆ ਜਾਂਚ ਕੀਤੀ ਜਾਵੇਗੀ ਜਿਸ ਨਾਲ ਮਰੀਜ਼ ਦੀ ਪਛਾਣ ਕਰਕੇ ਨਾਲ ਦੀ ਨਾਲ ਦਵਾਈ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੱਛਰਾਂ ਦੀ ਪੈਦਾਇਸ਼ ਦੇ ਸਰੋਤ ਘਟਾਉਣ ਲਈ ਘਰਾਂ ਦੀ ਚੈਕਿੰਗ, ਜਨਤਕ ਜਾਗਰੂਕਤਾ ਅਤੇ ਵਿਲੇਜ ਹੈਲਥ ਤੇ ਸੈਨੀਟੇਸ਼ਨ ਕਮੇਟੀਆਂ ਦੀ ਸ਼ਮੂਲੀਅਤ ਕਰਨ ਵਰਗੇ ਉਪਰਾਲੇ ਕੀਤੇ ਜਾਣੇ ਹਨ।ਜਿਸ ਨਾਲ ਨਾਗਰਿਕਾਂ ਦੀ ਭਾਗੀਦਾਰੀ ਵੀ ਯਕੀਨੀ ਬਣਾਈ ਜਾ ਸਕੇਗੀ। ਇਸ ਦੌਰਾਨ ਜਿਲ੍ਹਾ ਐਪੀਡੇਮੌਲੋਜਿਸਟ ਡਾ. ਸੁਮਿਤ ਵੱਲੋਂ ਇਹ ਵੀ ਆਖਿਆ ਗਿਆ ਕਿ ਲੋਕਾਂ ਨੂੰ ਵੀ ਆਪਣੇ ਘਰ ਅੰਦਰ ਬਣਦੇ ਮੱਛਰਾਂ ਦੀ ਪੈਦਾਇਸ਼ ਦੇ ਸਰੋਤ ਜਿਵੇਂ ਕਿ ਕੂਲਰਾਂ ਦੀ ਟੈਂਕੀ, ਗਮਲਿਆਂ ਦੀ ਟਰੇਅ, ਖੁਲ੍ਹੇ ਵਿੱਚ ਪਏ ਕਬਾੜ ਦੇ ਸਮਾਣ ਵਿੱਚ ਰੁਕਿਆ ਪਾਣੀ ਹਟਾਉਣ ਲਈ ਜਾਗਰੂਕ ਕੀਤਾ ਜਾਵੇ।ਇਸ ਤੋਂ ਇਲਾਵਾ ਹੋਰ ਮਹਿਕਮਿਆਂ ਖਾਸਤੌਰ ਉੱਤੇ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮਾ, ਅਤੇ ਅਰਬਨ ਲੋਕਲ ਬਾਡੀਜ਼ ਨਾਲ ਤਾਲਮੇਲ ਕਰ ਜਿਨ੍ਹਾਂ ਥਾਂਵਾਂ ਉੱਤੇ ਪਾਣੀ ਦੀ ਨਿਕਾਸੀ ਸੰਭਵ ਨਹੀਂ ਉਨ੍ਹਾਂ ਥਾਂਵਾਂ ਉੱਤੇ ਲਾਰਾਵੀ ਸਾਈਡ ਦਵਾਈਆਂ ਦਾ ਛਿੜਕਾਅ ਜਾਂ ਗੰਬੂਜੀਆ ਮੱਛੀ ਛੱਡੇ ਜਾਣ ਦੇ ਪ੍ਰਬੰਧ ਕਰਵਾਏ ਜਾਣ। ਇਨ੍ਹਾਂ ਸਾਰੇ ਕੰਮਾਂ ਸਬੰਧੀ ਅੱਜ ਮੀਟਿੰਗ ਕਰਕੇ ਸਿਹਤ ਵਿਭਾਗ ਦੇ ਜਿਲ੍ਹੇ ਭਰ ਦੇ ਸਿਹਤ ਸੁਪਰਵਾਈਜਰਜ ਨੂੰ ਤਾਕੀਦ ਕੀਤੀ ਗਈ ਕਿ ਸਿਹਤ ਕਰਮੀਆਂ ਦੇ ਬੀਟ ਪ੍ਰੋਗਰਾਮ ਅਨੁਸਾਰ ਹਰੇਕ ਪਿੰਡ ਦਾ ਦੌਰਾ ਯਕੀਨੀ ਬਣਾਇਆ ਜਾਵੇ।ਸਾਲ 2025 ਦੌਰਾਨ ਅਜੇ ਤੱਕ ਪੂਰੇ ਜਿਲ੍ਹੇ ਵਿੱਚ ਮਲੇਰੀਆ ਦਾ ਇੱਕ ਕੇਸ ਹੀ ਸਾਹਮਣੇ ਆਇਆ ਹੈ ਜੋ ਕਿ ਪਰਵਾਸੀ ਆਬਾਦੀ ਨਾਲ ਸਬੰਧਤ ਸੀ ਤੇ ਯੂਪੀ ਤੋਂ ਬੁਖਾਰ ਦੇ ਨਾਲ ਹੀ ਇੱਥੇ ਆਇਆ ਸੀ।ਪਿਛਲੇ ਸਾਲ ਅਜਿਹੇ 23 ਕੇਸ ਪਾਏ ਗਏ ਸਨ ਜੋ ਸਾਰੇ ਦੇ ਸਾਰੇ ਮਾਈਗ੍ਰੇਟਰੀ ਆਬਾਦੀ ਨਾਲ ਹੀ ਸਬੰਧਤ ਸਨ। ਪਟਿਆਲਾ ਜਿਲ੍ਹੇ ਦੇ ਬਸ਼ਿੰਦਿਆਂ ਵਿੱਚ ਕੋਈ ਲੋਕਲ ਮਲੇਰੀਆ ਕੇਸ ਪਿਛਲੇ ਪੰਜ ਸਾਲਾਂ ਤੋਂ ਨਹੀਂ ਪਾਇਆ ਗਿਆ।

