ਧੀਆਂ ਦੀ ਲੋਹੜੀ ਦੇ ਰਾਜ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਵੱਲੋਂ ਧੀਆਂ ਦਾ ਸਨਮਾਨ
- by Jasbeer Singh
- January 13, 2026
ਧੀਆਂ ਦੀ ਲੋਹੜੀ ਦੇ ਰਾਜ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਵੱਲੋਂ ਧੀਆਂ ਦਾ ਸਨਮਾਨ ਧੀਆਂ ਖੁਸ਼, ਸੁਰੱਖਿਅਤ ਅਤੇ ਤੰਦਰੁਸਤ ਹੋਣਗੀਆਂ ਤਾਂ ਹੀ ਬਣੇਗਾ ਰੰਗਲਾ ਪੰਜਾਬ : ਡਾ. ਬਲਬੀਰ ਸਿੰਘ ਸੂਬੇ ਦਾ ਸਿਹਤ ਵਿਭਾਗ ਡਾ. ਬਲਬੀਰ ਸਿੰਘ ਦੇ ਸੁਰੱਖਿਅਤ ਹੱਥਾਂ ਵਿੱਚ : ਮੇਅਰ ਕੁੰਦਨ ਗੋਗੀਆ ਪਟਿਆਲਾ, 13 ਜਨਵਰੀ 2026 : ਪੰਜਾਬ ਸਰਕਾਰ ਵੱਲੋਂ ਹਰ ਸਾਲ ਮਨਾਈ ਜਾਂਦੀ “ਧੀਆਂ ਦੀ ਲੋਹੜੀ” ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸੁਸ਼ੀਲ ਪੈਲੇਸ, ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਓਹਨਾ ਕਿਹਾ ਕਿ ਜਦੋਂ ਘਰਾਂ ਵਿੱਚ ਧੀਆਂ ਖੁਸ਼, ਸੁਰੱਖਿਅਤ ਅਤੇ ਤੰਦਰੁਸਤ ਹੋਣਗੀਆਂ ਤਾਂ ਹੀ ਪੰਜਾਬ ਸਚਮੁੱਚ ਰੰਗਲਾ ਬਣੇਗਾ।ਇਸ ਮੌਕੇ ਧੀਆਂ ਦੇ ਸਨਮਾਨ ਦੇ ਨਾਲ-ਨਾਲ ਲਿੰਗ ਸਮਾਨਤਾ, ਧੀਆਂ ਦੀ ਸਿਹਤ ਅਤੇ ਨਸ਼ਾ ਮੁਕਤ ਪੰਜਾਬ ਦਾ ਮਜ਼ਬੂਤ ਸੰਦੇਸ਼ ਦਿੱਤਾ ਗਿਆ । ਇਸ ਮੌਕੇ 51 ਨਵਜੰਮੀਆਂ ਬੱਚੀਆਂ, 6 ਏ.ਐਨ.ਐਮ., 10 ਆਸ਼ਾ ਵਰਕਰਾਂ ਅਤੇ 8 ਰਾਸ਼ਟਰੀ ਪੱਧਰ ਦੀਆਂ ਖਿਡਾਰਣਾਂ ਸਮੇਤ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ 160 ਆਸ਼ਾ ਵਰਕਰਾਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਸਟਾਲ ਵੀ ਵੰਡੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ 1000 ਮੁੰਡਿਆਂ ਪਿੱਛੇ 920 ਲੜਕੀਆਂ ਦਾ ਲਿੰਗ ਅਨੁਪਾਤ ਹੈ, ਜਿਸਨੂੰ ਆਉਣ ਵਾਲੇ ਸਮੇਂ ' ਚ ਮੁੰਡਿਆਂ ਦੇ ਬਰਾਬਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ, ਚੰਗੀ ਸਿੱਖਿਆ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਵਾਉਣੇ ਬਹੁਤ ਜ਼ਰੂਰੀ ਹਨ। ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਨਸ਼ਾ ਮੁਕਤੀ ਮੁਹਿੰਮ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨਹੀਂ ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਤਬਾਹ ਕਰਦਾ ਹੈ। ਇਸ ਲਈ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਦੇ ਨਾਲ-ਨਾਲ ਸਮਾਜਿਕ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਛੁਡਾਊ ਕੇਂਦਰਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਮੁਫ਼ਤ ਅਤੇ ਗੁਣਵੱਤਾਪੂਰਨ ਇਲਾਜ ਮਿਲ ਸਕੇ । ਸਿਹਤ ਮੰਤਰੀ ਨੇ ਧੀਆਂ ਦੀ ਸਿਹਤ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਲੜਕੀ ਵਿੱਚ ਘੱਟੋ-ਘੱਟ 14 ਗ੍ਰਾਮ ਹੀਮੋਗਲੋਬਿਨ ਹੋਣਾ ਚਾਹੀਦਾ ਹੈ ਅਤੇ ਚੰਗੀ ਖੁਰਾਕ ਪ੍ਰਤੀ ਜਾਗਰੂਕਤਾ ਬਹੁਤ ਲੋੜੀਂਦੀ ਹੈ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸੂਬੇ ਦਾ ਸਿਹਤ ਵਿਭਾਗ ਡਾ. ਬਲਬੀਰ ਸਿੰਘ ਦੇ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜ਼ਰੂਰ ਪੂਰਾ ਹੋਵੇਗਾ । ਸਮਾਗਮ ਦੌਰਾਨ ਸਰਕਾਰੀ ਮਾਤਾ ਕੌਸ਼ਲਿਆ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਅਤੇ ਮਾਤਾ ਕੌਸ਼ਲਿਆ ਹਸਪਤਾਲ ਦੀਆਂ ਨਰਸਾਂ ਵੱਲੋਂ ਗਿੱਧਾ ਅਤੇ ਨਸ਼ਾ ਮੁਕਤੀ ਸੰਦੇਸ਼ ਵਾਲੀਆਂ ਬੋਲੀਆਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਵਧੀਕ ਡਿਪਟੀ ਕਮਿਸਨਰ ਦਮਨਜੀਤ ਸਿੰਘ ਮਾਨ, ਡਾਇਰੈਕਟਰ ਹੈਲਥ ਸਰਵਿਸ ਡਾ ਅਦਿਤੀ ਸਲਾਰੀਆ, ਨੋਡਲ ਅਫ਼ਸਰ ਡਾ ਨਵਜੋਤ ਕੌਰ, ਸਿਵਲ ਸਰਜਨ ਡਾ ਜਸਵਿੰਦਰ ਸਿੰਘ, ਜਿਲ੍ਹਾ ਫੈਮਿਲੀ ਵੈਲਫੇਅਰ ਅਫ਼ਸਰ ਡਾ ਬਲਕਾਰ ਸਿੰਘ, ਐਸ ਐਮ ਓ ਤ੍ਰਿਪੜੀ ਡਾ ਪਰਨੀਤ ਕੌਰ, ਮੈਡੀਕਲ ਸੁਪਰਡੈਂਟ ਮਾਤਾ ਕੌਸ਼ਲਿਆ ਹਸਪਤਾਲ ਡਾ ਸੰਜੇ ਕਾਮਰਾ, ਜਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਬੀਰ ਕੌਰ , ਜਸਜੀਤ ਕੌਰ, ਸਮੂਹ ਐਸ ਐਮ ਓਜ਼ , ਐਮ ਸੀ ਜਸਬੀਰ ਗਾਂਧੀ, ਸੁਰੇਸ਼ ਰਾਏ ਤੋਂ ਇਲਾਵਾ ਸਮੂਹ ਐਮ ਸੀ ਆਸ਼ਾ ਵਰਕਰਜ਼ ਅਤੇ ਧੀਆਂ ਦੇ ਮਾਪੇ ਮੌਜੂਦ ਸਨ ।
