
ਹੋਲਾ ਮਹੱਲਾ ਖਾਲਸੇ ਦੀ ਚੜ੍ਹਦੀ ਕਲਾ ਤੇ ਬਹਾਦਰੀ ਦਾ ਪ੍ਰਤੀਕ ਹੈ : ਡਾ. ਤੇਜਵੰਤ ਮਾਨ
- by Jasbeer Singh
- March 18, 2025

ਹੋਲਾ ਮਹੱਲਾ ਖਾਲਸੇ ਦੀ ਚੜ੍ਹਦੀ ਕਲਾ ਤੇ ਬਹਾਦਰੀ ਦਾ ਪ੍ਰਤੀਕ ਹੈ : ਡਾ. ਤੇਜਵੰਤ ਮਾਨ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਖਾਲਸਾਈ ਸ਼ਾਨ ਦੇ ਪ੍ਰਤੀਕ ਹੋਏ ਮਹੱਲੇ ਨੂੰ ਸਮਰਪਿਤ ਸ਼ਬਦ ਕੀਰਤਨ ਅਤੇ ਵਿਚਾਰ ਚਰਚਾ ਦਾ ਆਯੋਜਨ ਗੁਰਦੁਆਰਾ ਦੁਸਹਿਰਾ ਬਾਗ ਸੰਗਰੂਰ ਵਿਖੇ ਕੀਤਾ ਗਿਆ। ਸ਼੍ਰੀ ਏ. ਪੀ. ਸਿੰਘ ਆਸਟ੍ਰੇਲੀਆ ਨੇ ਦੋ ਘੰਟੇ ਨਿਰੰਤਰ ਗੁਰੂ ਸ਼ਬਦ ਦਾ ਰਸਭਿੰਨੀ ਆਵਾਜ਼ ਵਿੱਚ ਗਾਇਨ ਕਰਕੇ ਰੂਹਾਨੀਅਤ ਦਾ ਸੰਚਾਰ ਕੀਤਾ । ਇਸ ਮੌਕੇ ਹੋਏ ਵਿਚਾਰ ਚਰਚਾ ਵਿੱਚ ਵਿਦਵਾਨਾਂ ਨੇ ਹੋਲੇ ਮੁਹੱਲੇ ਦੇ ਸੰਕਲਪ ਬਾਰੇ ਗੰਭੀਰ ਵਿਚਾਰਾਂ ਕੀਤੀਆਂ। ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਕਿਹਾ ਕਿ “ਸਾਹਿਬ—ਏ—ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਵਿੱਚ ਬਹਾਦਰੀ ਦੀ ਚਿਣਗ ਨੂੰ ਪ੍ਰਚੰਡ ਕਰਨ ਲਈ ਹੋਲੇ ਮੁਹੱਲੇ ਦਾ ਆਰੰਭ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਤਾ ਸੀ । ਇਹ ਸੁੱਤੀ ਕੌਮ ਨੂੰ ਜਗਾਉਣ ਅਤੇ ਜਜ਼ਬਾ ਪੈਦਾ ਕਰਨ ਲਈ ਆਰੰਭ ਕੀਤਾ ਗਿਆ ਸੀ । ਇਹ ਪਰੰਪਰਾ ਉਸ ਸਮੇਂ ਤੋਂ ਜੁਗਗਰਦੀ ਦੇ ਸਮੇਂ ਨੂੰ ਛੱਡ ਕੇ ਨਿਰੰਤਰ ਚੱਲ ਰਹੀ ਹੈ । ਨਿਹਾਲ ਸਿੰਘ ਮਾਨ, ਗੁਰਨਾਮ ਸਿੰਘ, ਅਮਰ ਗਰਗ ਕਲਮਦਾਨ ਨੇ ਹੌਲੇ ਮਹੱਲੇ ਦੇ ਸਮਾਜਿਕ ਅਤੇ ਇਤਿਹਾਸਕ ਪ੍ਰਸੰਗਾਂ ਬਾਰੇ ਪੇਪਰ ਪੜ੍ਹਦੇ ਹੋਏ ਕਿਹਾ ਕਿ ਇਹ ਬਦਲਦੇ ਮੌਸਮ ਦੇ ਨਾਲ ਵੀ ਸਬੰਧਤ ਹੈ ਅਤੇ ਸਾਡੇ ਸਮਾਜਿਕ ਪ੍ਰਕਰਣ ਵਿੱਚ ਫੈਲਿਆ ਹੋਇਆ ਹੈ । ਡਾ. ਭਗਵੰਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਹਕੂਮਤੀ ਜ਼ਬਰ ਤੋਂ ਘਬਰਾਈ ਹੋਈ ਲੁਕਾਈ ਦੇ ਮਨਾਂ ਤੋਂ ਡਰ ਖਤਮ ਕਰਨ ਲਈ ਹੌਲੇ ਮਹੱਲੇ ਦਾ ਆਗਾਜ਼ ਕੀਤਾ ਸੀ । ਇਸ ਮੌਕੇ ਡਾ. ਰਮਿੰਦਰ ਕੌਰ, ਅਨੋਖ ਸਿੰਘ ਵਿਰਕ, ਜਗਦੀਪ ਸਿੰਘ ਗੰਧਾਰਾ,ਸੁਰਿੰਦਰਪਾਲ ਸਿੰਘ ਸਿਦਕੀ ਨੇ ਹੋਲੇ ਮਹੱਲੇ ਦੇ ਸਿਧਾਂਤਕ ਪਿਛੋਕੜ ਦੀ ਗੱਲ ਕਰਦੇ ਹੋਏ ਧਾਰਮਿਕ ਪ੍ਰਸੰਗ ਪੇਸ਼ ਕੀਤੇ । ਇਸ ਮੌਕੇ ਚਰਨਜੀਤ ਸਿੰਘ, ਰਵਿੰਦਰ ਸਿੰਘ, ਸੰਦੀਪ ਸਿੰਘ, ਰਣਜੀਤ ਸਿੰਘ ਆਦਿ ਅਨੇਕਾਂ ਚਿੰਤਕ ਹਾਜਰ ਸਨ। ਰਾਜੇਸ਼ਵਰ ਸਿੰਘ ਰਾਣਾ ਜੀ ਨੇ ਸਿਰੋਪੇ ਬਖਸ਼ਿਸ਼ ਕਰਕੇ ਸਨਮਾਨਤ ਕੀਤਾ। ਸ. ਅਨੋਖ ਸਿੰਘ ਵਿਰਕ ਨੇ ਆਪਣੀ ਨਵੀਂ ਪੁਸਤਕ ਕੰਡਿਆਲੀ ਤਾਰ ਦੇ ਉਸ ਪਾਰ ਤੇ ਇਸ ਪਾਰ ਦੀਆਂ ਕਾਪੀਆਂ ਲੇਖਕਾਂ ਨੂੰ ਭੇਂਟ ਕੀਤੀਆਂ ।