post

Jasbeer Singh

(Chief Editor)

ਜ਼ਿਲ੍ਹਾ ਸੰਗਰੂਰ ’ਚ ਹੁੱਕਾ ਬਾਰਾਂ ’ਤੇ ਪਾਬੰਦੀ

post-img

ਜ਼ਿਲ੍ਹਾ ਸੰਗਰੂਰ ’ਚ ਹੁੱਕਾ ਬਾਰਾਂ ’ਤੇ ਪਾਬੰਦੀ ਸੰਗਰੂਰ, 6 ਨਵੰਬਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਿਤ ਬੈਂਬੀ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ (ਬੀ. ਐਨ. ਐਸ. ਐਸ.), 2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਹੁੱਕਾ ਬਾਰ ਚਲਾਉਣ ’ਤੇ ਲਗਾਈ ਮੁਕੰਮਲ ਪਾਬੰਦੀ ਦਾ ਹੁਕਮ ਜਾਰੀ ਕੀਤਾ ਹੈ । ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਿਵਲ ਸਰਜਨ ਸੰਗਰੂਰ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਈ ਥਾਵਾਂ ’ਤੇ ਲੋਕ ਹੁੱਕਾ ਬਾਰ ਚਲਾ ਕੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕਣ ਦਾ ਯਤਨ ਕਰਦੇ ਹਨ । ਕੁਝ ਰੈਸਟੋਰੈਂਟਾਂ/ਹੁੱਕਾ ਬਾਰਾਂ ਵੱਲੋਂ ਆਉਣ ਵਾਲੇ ਵਿਜ਼ਟਰਾਂ ਨੂੰ ਹੁੱਕੇ ਲਈ ਆਫ਼ਰ ਕੀਤਾ ਜਾਂਦਾ ਹੈ, ਜਿਸ ਨਾਲ ਮਨੁੱਖੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਖਾਸ ਕਰਕੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਨੌਜਵਾਨ ਵੀ ਇਨ੍ਹਾਂ ਹੁੱਕਾ ਬਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ । ਇਹ ਹੁੱਕਾ ਬਾਰ ਛੋਟੀ ਉਮਰ ਦੇ ਬੱਚਿਆਂ ਨੂੰ ਤੰਬਾਕੂ ਤੋਂ ਇਲਾਵਾ ਹੋਰ ਕਈ ਹਾਨੀਕਾਰਕ ਨਸ਼ੇ ਦੇ ਰਹੇ ਹਨ, ਜੋ ਕਿ ਮਨੁੱਖੀ ਸਿਹਤ ਲਈ ਬੇਹੱਦ ਹਾਨੀਕਾਰਕ ਹਨ । ਇਸ ਦੇ ਨਾਲ-ਨਾਲ ਇਹ ਹੁੱਕਾ ਬਾਰ ਤੰਬਾਕੂਨੋਸ਼ੀ ਵਿਰੋਧੀ ਕਾਨੂੰਨ ਦੀ ਪਾਲਣਾ ਵੀ ਨਹੀਂ ਕਰਦੇ । ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਸਿਵਲ ਸਰਜਨ ਦੀ ਦਲੀਲ ਨਾਲ ਸਹਿਮਤ ਹੁੰਦੇ ਹੋਏ ਜ਼ਿਲ੍ਹੇ ’ਚ ਮਿਊਂਸਪਲ ਕਮੇਟੀਆਂ ਅਧੀਨ ਪੈਂਦੇ ਖੇਤਰਾਂ ਅਤੇ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਵਿੱਚ ਹੁੱਕਾ ਬਾਰਾਂ ’ਤੇ ਮੁਕੰਮਲ ਪਾਬੰਦੀ ਲਗਾਈ ਹੈ । ਆਪਣੇ ਹੁਕਮਾਂ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਿਸੇ ਨੂੰ ਵੀ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਭਾਰਤੀ ਨਿਆਂ ਸਹਿੰਤਾ ਦੇ ਸੈਕਸ਼ਨ 223 ਤਹਿਤ ਬਣਦੀ ਸਜ਼ਾ ਦਿੱਤੀ ਜਾਵੇਗੀ । ਇਹ ਹੁਕਮ ਮਿਤੀ 26 ਦਸੰਬਰ 2024 ਤੱਕ ਲਾਗੂ ਰਹੇਗਾ ।

Related Post

Instagram