
ਸਰਕਾਰ ਐਮ. ਐਸ. ਪੀ. ਤੋਂ ਵੱਧ ਦੇ ਰਹੀ ਤਾਂ ਐਮ. ਐਸ. ਪੀ. ’ਤੇ ਕਾਨੂੰਨੀ ਗਰੰਟੀ ਦੇਣ ’ਚ ਦਿੱਕਤ ਕੀ ਹੈ : ਜਗਜੀਤ ਸਿੰਘ ਡ
- by Jasbeer Singh
- December 16, 2024

ਸਰਕਾਰ ਐਮ. ਐਸ. ਪੀ. ਤੋਂ ਵੱਧ ਦੇ ਰਹੀ ਤਾਂ ਐਮ. ਐਸ. ਪੀ. ’ਤੇ ਕਾਨੂੰਨੀ ਗਰੰਟੀ ਦੇਣ ’ਚ ਦਿੱਕਤ ਕੀ ਹੈ : ਜਗਜੀਤ ਸਿੰਘ ਡੱਲੇਵਾਲ ਸ਼ੰਭੂ : ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 20 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਇਸ ਦੌਰਾਨ ਉਹ ਕੁਝ ਵੀ ਖਾ ਪੀ ਨਹੀਂ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਇਸ ਸਮੇਂ ਬੇਹੱਦ ਨਾਜ਼ੁਕ ਹੋ ਗਈ ਹੈ । ਉਨ੍ਹਾਂ ਨੇ ਡਾਕਟਰੀ ਇਲਾਜ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਹਾਲਾਂਕਿ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਲਗਾਤਾਰ ਜਾਂਚ ਕਰ ਰਹੀ ਹੈ । ਫਿਲਹਾਲ ਅੱਜ ਮੁੜ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਬਿਆਨ ’ਤੇ ਵੀ ਅੰਕੜੇ ਦਿਖਾਉਂਦੇ ਹੋਏ ਨਜ਼ਰ ਆਏ । ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਐਮ. ਐਸ. ਪੀ. ਨੂੰ ਲੈ ਕੇ ਸੰਵਿਧਾਨਕ ਅਹੁਦੇ ਤੇ ਬੈਠੇ ਲੋਕਾਂ ਨੂੰ ਗਲਤ ਜਾਣਕਾਰੀ ਨਹੀਂ ਦੇਣੀ ਚਾਹੀਦੀ । ਮੋਦੀ ਸਰਕਾਰ ਦੇ ਕਾਰਜਕਾਲ ਚ ਕਣਕ ਚ ਸਿਰਫ 825 ਰੁਪਏ ਦਾ ਵਾਧਾ ਹੋਇਆ ਹੈ । ਡੱਲੇਵਾਲ ਨੇ ਅੱਗੇ ਕਿਹਾ ਕਿ ਇਨਪੁੱਟ ਕੋਸਟ 56.5 ਫੀਸਦ ਵਧੀ ਹੈ, ਜੇਕਰ ਸਰਕਾਰ ਐਮ. ਐਸ. ਪੀ. ਤੋਂ ਵੱਧ ਦੇ ਰਹੀ ਤਾਂ ਐਮ. ਐਸ. ਪੀ. ’ਤੇ ਕਾਨੂੰਨੀ ਗਰੰਟੀ ਦੇਣ ’ਚ ਦਿੱਕਤ ਕੀ ਹੈ । ਗ੍ਰਹਿ ਮੰਤਰੀ ਕਿਸ ਹਿਸਾਬ ਨਾਲ ਕਹਿ ਰਹੇ ਹਨ ਕਿ ਸਾਢੇ ਤਿੰਨ ਗੁਣਾ ਐਮ. ਐਸ. ਪੀ. ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਆਮਦ ਵਧੀ ਹੈ ਜਦਕਿ ਆਮਦਨ ਘੱਟ ਗਈ ਹੈ । ਇਸ ਵਾਰ ਤਾਂ ਝੋਨੇ ਦੀ ਖਰੀਦ ’ਚ ਦਿੱਕਤ ਆਈ ਹੈ ।