

ਮੌਜੂਦਾ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਅਤੇ ਮੀਨਾਕਸ਼ੀ ਨੇ ਆਪੋ-ਆਪਣੇ ਭਾਰ ਵਰਗਾਂ ਵਿੱਚ ਸੋਨ ਤਗਮੇ ਜਿੱਤੇ। ਇਸ ਤਰ੍ਹਾਂ ਭਾਰਤੀ ਟੀਮ ਨੇ ਅੱਜ ਇੱਥੇ ਇਲੋਰਡਾ ਮੁੱਕੇਬਾਜ਼ੀ ਕੱਪ ਵਿੱਚ 12 ਤਮਗੇ ਜਿੱਤ ਕੇ ਆਪਣੀ ਮੁਹਿੰਮ ਖ਼ਤਮ ਕੀਤੀ। ਨਿਖਤ ਅਤੇ ਮੀਨਾਕਸ਼ੀ ਦੇ ਸੋਨ ਤਗਮਿਆਂ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ ਦੋ ਚਾਂਦੀ ਅਤੇ ਅੱਠ ਕਾਂਸੇ ਦੇ ਤਗਮੇ ਜਿੱਤ ਕੇ ਪਿਛਲੇ ਸੀਜ਼ਨ ਨਾਲੋਂ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਭਾਰਤੀ ਮੁੱਕੇਬਾਜ਼ਾਂ ਨੇ ਪਿਛਲੇ ਸੀਜ਼ਨ ਵਿੱਚ ਪੰਜ ਤਗ਼ਮੇ ਜਿੱਤੇ ਸਨ। ਨਿਖਤ (52 ਕਿਲੋ) ਨੇ ਵੱਕਾਰੀ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਜਾਰੀ ਰੱਖਦਿਆਂ ਕਜ਼ਾਖਸਤਾਨ ਦੀ ਜ਼ਾਜ਼ੀਰਾ ਉਰਾਕਬਾਏਵਾ ਨੂੰ 5-0 ਦੇ ਸਕੋਰ ਨਾਲ ਹਰਾ ਕੇ ਆਪਣੇ ਸ਼ਾਨਦਾਰ ਕਰੀਅਰ ’ਚ ਇਕ ਹੋਰ ਸੋਨ ਤਗਮਾ ਜੋੜਿਆ। ਮੀਨਾਕਸ਼ੀ ਨੇ ਮਹਿਲਾ 48 ਕਿਲੋ ਦੇ ਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਰਹਿਮੋਨੋਵਾ ਸੈਦਾਹੋਨ ਨੂੰ 4-1 ਨਾਲ ਹਰਾਇਆ।