post

Jasbeer Singh

(Chief Editor)

Punjab

ਚੰਡੀਗੜ੍ਹ ਵਿੱਚ ਪੀਐਸਐਸਐਸਬੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਪੇਪਰ ਦੇਣ ਪਹੁੰਚੇ ਵਿਦਿਆਰਥੀਆਂ ਕੀਤਾ ਹੰਗਾਮਾ

post-img

ਚੰਡੀਗੜ੍ਹ ਵਿੱਚ ਪੀਐਸਐਸਐਸਬੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਪੇਪਰ ਦੇਣ ਪਹੁੰਚੇ ਵਿਦਿਆਰਥੀਆਂ ਕੀਤਾ ਹੰਗਾਮਾ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬ ਸਟੇਟ ਸਰਵਿਸ ਸਿਲੈਕਸ਼ਨ ਬੋਰਡ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਪੇਪਰ ਦੇਣ ਪਹੁੰਚੇ ਵਿਦਿਆਰਥੀਆਂ ਨੇ ਹੰਗਾਮਾ ਕੀਤਾ। ਦੱਸਣਯੋਗ ਹੈ ਕਿ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਦੇ ਸੈਕਟਰ 21-ਏ ਸਥਿਤੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੇਪਰ ਦੇਣ ਲਈ ਪਹੁੰਚੇ ਸਨ ਪਰ ਇਹ ਪ੍ਰੀਖਿਆ ਕੇਂਦਰ ਵਿੱਚ ਦੇਰੀ ਨਾਲ ਪਹੁੰਚੇ, ਜਿਸ ਕਾਰਨ ਇਨ੍ਹਾਂ ਨੂੰ ਪੇਪਰ ਦੇਣ ਲਈ ਐਂਟਰੀ ਨਹੀਂ ਮਿਲੀ ਤੇ ਇਹਨਾਂ ਨੇ ਪ੍ਰੀਖਿਆ ਕੇਂਦਰ ਦੇ ਗੇਟ ਉੱਤੇ ਹੰਗਾਮਾ ਕਰ ਦਿੱਤਾ।ਵਿਦਿਆਰਥੀਆਂ ਨੇ ਇਲਜ਼ਾਮ ਲਗਾਏ ਹਨ ਕਿ ਉਹ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਪੇਪਰ ਦੇਣ ਲਈ ਦੂਰੋਂ ਚੱਲ ਕੇ ਆਏ ਹਨ ਪਰ ਟ੍ਰੈਫਿਕ ਹੋਣ ਕਾਰਨ ਉਹ ਸਮੇਂ ਤੇ ਨਹੀਂ ਪਹੁੰਚ ਸਕੇ, ਜਿਸ ਕਾਰਨ ਉਹਨਾਂ ਨੂੰ ਬਾਹਰ ਗੇਟ ਉੱਤੇ ਹੀ ਰੋਕ ਲਿਆ ਗਿਆ ਹੈ। ਵਿਦਿਆਰਥੀਆਂ ਆਖਿਆ ਕਿ ਜੋ ਵਿਦਿਆਰਥੀ ਉਹਨਾਂ ਤੋਂ ਵੀ ਲੇਟ ਆਏ ਸਨ, ਉਹਨਾਂ ਵਿੱਚੋਂ ਇੱਕ ਲੜਕੇ ਤੇ ਇੱਕ ਲੜਕੀ ਨੂੰ ਅੰਦਰ ਜਾਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਵਿਦਿਆਰਥੀਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਪੇਪਰ ਦੀ ਤਿਆਰੀ ਕਰ ਰਹੇ ਹਨ ਤੇ ਖਰਚਾ ਕਰਕੇ ਅੱਜ ਪੇਪਰ ਦੇਣ ਲਈ ਵੀ ਪਹੁੰਚੇ ਹਨ ਪਰ ਫਿਰ ਵੀ ਗੇਟ ਉੱਤੇ ਹੀ ਰੋਕ ਲਿਆ ਗਿਆ ਹੈ। ਉਹਨਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਹਿਸਾਬ ਨਾਲ ਉਹਨਾਂ ਦਾ ਪ੍ਰੀਖਿਆ ਕੇਂਦਰ ਨੇੜੇ ਹੀ ਹੋਣਾ ਚਾਹੀਦਾ ਹੈ ਤਾਂ ਜੋ ਹਰ ਵਿਦਿਆਰਥੀ ਸਮੇਂ ਉੱਤੇ ਪਹੁੰਚ ਸਕੇ।ਪ੍ਰੀਖਿਆ ਕੇਂਦਰ ਦੀ ਇੰਚਾਰਜ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਪੇਪਰ ਦੀ ਪੂਰੀ ਵੀਡੀਓਗ੍ਰਾਫੀ ਹੋ ਰਹੀ ਹੈ ਤੇ ਸਮਾਂ ਵਧੇਰੇ ਹੋਣ ਤੋਂ ਬਾਅਦ ਕਿਸੇ ਨੂੰ ਵੀ ਐਂਟਰੀ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਉੱਤੇ ਕਾਰਵਾਈ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਪਿਛਲੇ ਪੇਪਰ ਦੌਰਾਨ ਉਹਨਾਂ ਨੇ ਕੁਝ ਵਿਦਿਆਰਥੀਆਂ ਨੂੰ ਗੇਟ ਬੰਦ ਹੋਣ ਤੋਂ ਬਾਅਦ ਵੀ ਅੰਦਰ ਐਂਟਰੀ ਦੇ ਦਿੱਤੀ ਸੀ ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਵਾਰ ਸਖ਼ਤ ਆਦੇਸ਼ ਦਿੱਤੇ ਹਨ, ਜਿਸ ਕਾਰਨ ਉਹ ਮਜ਼ਬੂਰ ਹਨ।

Related Post