July 6, 2024 00:45:36
post

Jasbeer Singh

(Chief Editor)

Patiala News

ਸੁਨਾਮ ਵਿੱਚ ਕਿਸਾਨਾਂ ਨੇ ਘਰ ਦੀ ਕੁਰਕੀ ਰੁਕਵਾਈ

post-img

ਇੱਥੇ ਸ਼ਹਿਰ ’ਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਕੁਰਕੀ ਰੁਕਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਭਵਿੱਖ ਅੰਦਰ ਇਸ ਪਰਿਵਾਰ ਨਾਲ ਧੱਕਾ ਨਾ ਕਰਨ ਦੀ ਨਸੀਹਤ ਦਿੰਦਿਆਂ ਕਿਸਾਨ ਜਥੇਬੰਦੀ ਨੇ ਡਟਵੇਂ ਵਿਰੋਧ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜਥੇਬੰਦੀ ਹਰ ਵੇਲੇ ਪਰਿਵਾਰ ਨਾਲ ਖੜ੍ਹੀ ਹੈ। ਜਾਣਕਾਰੀ ਅਨੁਸਾਰ ਘਰ ਦੀ ਕੁਰਕੀ ਹੋਣ ਤੋਂ ਪਹਿਲਾਂ ਸੁਨਾਮ ਬਲਾਕ ਦੇ ਨੌਜਵਾਨ ਆਗੂ ਮਨੀ ਸਿੰਘ ਭੈਣੀ ਅਤੇ ਯਾਦਵਿੰਦਰ ਸਿੰਘ ਚੱਠਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਗਰੀਬ ਪਰਿਵਾਰ ਦੇ ਘਰ ਵਿੱਚ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਪ੍ਰਸ਼ਾਸਨ ਨੂੰ ਜਦੋਂ ਕਿਸਾਨ ਯੂਨੀਅਨ ਦੇ ਦਖਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਫਿਲਹਾਲ ਮਸਲੇ ਨੂੰ ਟਾਲ ਦਿੱਤਾ। ਕਿਸਾਨ ਜਥੇਬੰਦੀ ਨੇ ਘਰ ਦੀ ਕੁਰਕੀ ਕਿਸੇ ਵੀ ਹੀਲੇ ਨਾ ਹੋਣ ਦੀ ਚਿਤਾਵਨੀ ਦਿੱਤੀ ਅਤੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਮਜਬੂਰੀਆਂ ਦੇ ਮਾਰੇ ਗਰੀਬਾਂ ਦੇ ਘਰਾਂ ਦੀ ਕੁਰਕੀ ਕੀਤੀ ਜਾ ਰਹੀ ਹੈ। ਇਸ ਮੌਕੇ ਭਗਵਾਨ ਸਿੰਘ ਸੁਨਾਮ, ਜੰਟ ਸਿੰਘ ਸੁਨਾਮ, ਮਿੱਠੂ ਸਿੰਘ ਗੋਬਿੰਦਗੜ੍ਹ ਜੇਜੀਆਂ, ਗੁਰਸੇਵਕ ਸਿੰਘ ਛਾਜਲੀ ਤੇ ਪਾਲਾ ਸਿੰਘ ਛਾਜਲੀ ਹਾਜ਼ਰ ਸਨ।

Related Post