
ਕੁਲੈਕਟਰ ਰੇਟ ਵਧਾਉਣ ਨਾਲ ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰ 'ਤੇ ਮਾੜਾ ਅਸਰ ਪਵੇਗਾ: ਬਾਜਵਾ
- by Jasbeer Singh
- August 8, 2024

ਕੁਲੈਕਟਰ ਰੇਟ ਵਧਾਉਣ ਨਾਲ ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰ 'ਤੇ ਮਾੜਾ ਅਸਰ ਪਵੇਗਾ: ਬਾਜਵਾ ਚੰਡੀਗੜ, 8 ਅਗਸਤ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਜ਼ਮੀਨਾਂ ਦੇ ਕੁਲੈਕਟਰ ਰੇਟ ਵਧਾਉਣ ਦੀ ਆਲੋਚਨਾ ਕੀਤੀ । ਇਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿਚ ਹੁਣ ਤੱਕ ਕੁਲੈਕਟਰ ਰੇਟਾਂ ਵਿਚ ਕਾਫ਼ੀ ਵਾਧਾ ਕੀਤਾ ਗਿਆ ਹੈ। ਇਸ ਦਰ ਵਿੱਚ 100 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਕੁਲੈਕਟਰ ਰੇਟਾਂ ਵਿੱਚ ਛੇਤੀ ਹੀ ਵਾਧਾ ਕੀਤੇ ਜਾਣ ਦੀ ਉਮੀਦ ਹੈ । ਉਨ੍ਹਾਂ ਕਿਹਾ ਕਿ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਸ ਨਾਲ ਨਾ ਸਿਰਫ ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰ 'ਤੇ ਮਾੜਾ ਅਸਰ ਪਵੇਗਾ, ਸਗੋਂ ਆਮ ਲੋਕ ਜੋ ਮਕਾਨ ਬਣਾਉਣ ਜਾਂ ਛੋਟਾ ਕਾਰੋਬਾਰ ਖੋਲ੍ਹਣ ਲਈ ਜ਼ਮੀਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਵੀ ਝਟਕਾ ਲੱਗੇਗਾ। ਬਾਜਵਾ ਨੇ ਕਿਹਾ ਕਿ ਸਰਕਾਰ ਅਸਲ 'ਚ ਆਮ ਲੋਕਾਂ ਦੀਆਂ ਜੇਬਾਂ 'ਚ ਪਾੜਾ ਪਾਉਣ ਦੀ ਯੋਜਨਾ ਬਣਾ ਰਹੀ ਹੈ, ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਨਿਊਜ਼ ਰਿਪੋਰਟ ਵਿਚ ਮਾਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਇਸ ਤਹਿਤ ਮਾਲੀਆ 1,800 ਕਰੋੜ ਰੁਪਏ ਵਧਾਉਣ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ 6,000 ਕਰੋੜ ਰੁਪਏ ਦੇ ਅੰਕੜੇ ਨੂੰ ਛੂਹਿਆ ਜਾ ਸਕੇ । ਬਾਜਵਾ ਨੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹੋਰ ਸਾਧਨਾਂ ਰਾਹੀਂ ਮਾਲੀਆ ਇਕੱਠਾ ਕਰਨ ਦਾ ਵਾਅਦਾ ਕੀਤਾ ਸੀ ਜਿਸ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ 34,000 ਕਰੋੜ ਰੁਪਏ ਤੇ ਮਾਈਨਿੰਗ ਤੋਂ 20,000 ਕਰੋੜ ਰੁਪਏ ਮਾਲੀਆ ਇਕੱਠਾ ਕਰਨਾ ਸ਼ਾਮਿਲ ਸੀ। ਕੀ ਮੁੱਖ ਮੰਤਰੀ ਭਗਵੰਤ ਮਾਨ ਦੱਸ ਸਕਦੇ ਹਨ ਕਿ ਇਨ੍ਹਾਂ ਵਾਅਦਿਆਂ ਦਾ ਕੀ ਹੋਇਆ? ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਵੀ ਸੰਭਵ ਹੈ ਕਿ 'ਆਪ' ਸਰਕਾਰ ਦੇ ਇਸ ਕਦਮ ਨਾਲ ਕਾਲਾ ਬਾਜ਼ਾਰੀ ਵਧ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਉਦਯੋਗਪਤੀ ਪਹਿਲਾਂ ਹੀ 'ਆਪ' ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੂਜੇ ਸੂਬਿਆਂ 'ਚ ਚਲੇ ਗਏ ਹਨ ਅਤੇ ਹੁਣ ਜ਼ਮੀਨ ਦੇ ਕੁਲੈਕਟਰ ਰੇਟ ਵਧਣ ਨਾਲ ਰੀਅਲ ਅਸਟੇਟ ਕਾਰੋਬਾਰ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ । ਬਾਜਵਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ 'ਆਪ' ਸਰਕਾਰ ਸੂਬੇ ਦੀ ਆਰਥਿਕਤਾ ਨੂੰ ਖਰਾਬ ਕਰਨ 'ਤੇ ਤੁਲੀ ਹੋਈ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.