post

Jasbeer Singh

(Chief Editor)

Patiala News

ਆਜ਼ਾਦ ਉਮੀਦਵਾਰ ਨੀਰਜ ਨੰਨਾ ਵੱਲੋਂ ਰਾਜਪੁਰਾ ਦੇ ਬਾਜ਼ਾਰਾਂ ’ਚ ਪ੍ਰਚਾਰ

post-img

‘ਆ ਗਿਆ ਨੰਨ੍ਹਾ, ਛਾਅ ਗਿਆ ਨੰਨ੍ਹਾ’ ਦੇ ਸਲੋਗਨ ਨਾਲ ਮਸ਼ਹੂਰ ਹੋਇਆ ਰਾਜਪੁਰਾ ਵਾਰਡ ਨੰਬਰ 15 ਦਾ ਵਸਨੀਕ ਨੀਰਜ ਕੁਮਾਰ ਨੰਨਾ (34) ਨੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਉਮੀਦਵਾਰਾਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਰਾਜਪੁਰਾ ਵਿੱਚ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਹੈ। ਸ੍ਰੀ ਨੰਨਾ ਨੇ ਅੱਜ ਜਵਾਹਰ ਮਾਰਕੀਟ, ਕ੍ਰਿਸ਼ਨਾ ਮਾਰਕੀਟ ਤੇ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੋਈ ਨੇਤਾ ਨਹੀਂ ਹਨ ਤੇ ਨਾ ਹੀ ਉਨ੍ਹਾਂ ਦਾ ਕੋਈ ਰਾਜਨੀਤਕ ਪਿਛੋਕੜ ਹੈ। ਉਨ੍ਹਾਂ ਕਿਹਾ ਕਿ ਉਹ ਕੇਵਲ ਗ਼ਰੀਬਾਂ ਦਾ ਭਲਾ ਕਰਨ ਲਈ ਚੋਣ ਮੈਦਾਨ ਵਿੱਚ ਉਤਰੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਪਾਰਲੀਮੈਂਟ ਵਿੱਚ ਪਹੁੰਚਦੇ ਹਨ ਤਾਂ ਸਭ ਤੋਂ ਪਹਿਲਾ ਕੰਮ ਮਿੱਡ-ਡੇਅ ਮੀਲ ਦੀਆਂ ਕੁੱਕ ਬੀਬੀਆਂ ਦੀਆਂ ਤਨਖ਼ਾਹਾਂ ਵਧਾਉਣ ਲਈ ਆਵਾਜ਼ ਉਠਾਉਣਗੇ ਕਿਉਂਕਿ ਉਹ ਨਿਗੂਣੀਆਂ ਤਨਖ਼ਾਹਾਂ ਉਪਰ ਕੰਮ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਉਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਨੰਨਾ ਇੱਕ ਬੇਹੱਦ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਜੋ ਇੱਥੋਂ ਦੇ ਇੱਕ ਸਕੂਲ ਵਿੱਚ ਚਾਹ ਦੀ ਰੇਹੜੀ ਲਗਾਉਂਦਾ ਹੈ। ਨੰਨਾ ਪਿਛਲੇ ਜਨਵਰੀ 2024 ਮਹੀਨੇ ਵਿਚ ਉਦੋਂ ਸੁਰਖ਼ੀਆਂ ਵਿਚ ਆਇਆ ਸੀ ਜਦੋਂ ਉਸ ਨੇ ਮੌਜੂਦਾ ਵਿਧਾਇਕਾ ਨੀਨਾ ਮਿੱਤਲ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਉਸ ਦੇ ਵਾਰਡ ਨੰਬਰ 15 ਵਿੱਚ ਕੋਈ ਵੀ ਵਿਕਾਸ ਕਾਰਜ ਨਾ ਕਰਵਾਉਣ ਦੇ ਮੀਡੀਆ ਵਿੱਚ ਬੇਬਾਕੀ ਨਾਲ ਦੋਸ਼ ਲਗਾਏ ਸਨ। ਉਸ ਤੋਂ ਬਾਅਦ ਨੰਨ੍ਹਾ ਨੂੰ ਥਾਣੇ ਬੁਲਾਇਆ ਗਿਆ ਅਤੇ ਉਸ ਤੋਂ ਦੁਬਾਰਾ ਵਿਧਾਇਕਾ ਦੇ ਹੱਕ ਵਿੱਚ ਬਿਆਨ ਦਿਵਾ ਕੇ ਵਾਇਰਲ ਕੀਤਾ ਗਿਆ, ਪਰ ਬਾਅਦ ਵਿੱਚ ਨੰਨ੍ਹਾ ਨੇ ਦੱਸਿਆ ਕਿ ਉਸ ਨੂੰ ਧਮਕਾਇਆ ਗਿਆ ਸੀ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਨੀਟੂ ਸ਼ਟਰਾਂਵਾਲਾ ਨੇ ਨੰਨ੍ਹਾ ਨਾਲ ਮੁਲਾਕਾਤ ਕਰ ਕੇ ਉਸ ਨੂੰ ਚੋਣਾਂ ਲੜਨ ਲਈ ਹੱਲਾਸ਼ੇਰੀ ਦਿੱਤੀ ਸੀ।

Related Post

Instagram