
ਭਾਰਤ-ਅਮਰੀਕਾ ਦੇ ਐੱਨ. ਐੱਸ. ਏਜ. ਵੱਲੋਂ ਰੱਖਿਆ ਸਹਿਯੋਗ ਤੇ ਖੇਤਰੀ ਮੁੱਦਿਆਂ ਬਾਰੇ ਚਰਚਾ
- by Jasbeer Singh
- November 2, 2024

ਭਾਰਤ-ਅਮਰੀਕਾ ਦੇ ਐੱਨ. ਐੱਸ. ਏਜ. ਵੱਲੋਂ ਰੱਖਿਆ ਸਹਿਯੋਗ ਤੇ ਖੇਤਰੀ ਮੁੱਦਿਆਂ ਬਾਰੇ ਚਰਚਾ ਭਾਰਤ ਵੱਲੋਂ ਸਿੱਖ ਵੱਖਵਾਦੀਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਦੇ ਮੁੱਦੇ ’ਤੇ ਭਾਰਤ ਅਤੇ ਅਮਰੀਕਾ ਵਿਚਕਾਰ ਤਣਾਅ ਦਰਮਿਆਨ ਕੌਮੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਜੇਕ ਸੁਲੀਵਨ ਨੇ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਨਾਲ ਫੋਨ ’ਤੇ ਗੱਲਬਾਤ ਕੀਤੀ । ਇਸ ਦੌਰਾਨ ਦੋਹਾਂ ਨੇ ਖੇਤਰੀ ਸੁਰੱਖਿਆ ਘਟਨਾਵਾਂ, ਰੱਖਿਆ ਸਹਿਯੋਗ ਸਮੇਤ ਦੁਵੱਲੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵ੍ਹਾਈਟ ਹਾਊਸ ਨੇ ਡੋਵਾਲ ਅਤੇ ਸੁਲੀਵਾਨ ਵਿਚਕਾਰ ਗੱਲਬਾਤ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਆਗੂਆਂ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ਅਤੇ ਆਲਮੀ ਪੱਧਰ ’ਤੇ ਸਥਿਰਤਾ ਯਕੀਨੀ ਬਣਾਉਣ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨ ’ਤੇ ਜ਼ੋਰ ਦਿੱਤਾ । ਬਿਆਨ ’ਚ ਦੱਸਿਆ ਗਿਆ, ‘‘ਉਨ੍ਹਾਂ ਆਉਂਦੀ ਅਹਿਮ ਤੇ ਉਭਰਦੀ ਤਕਨਾਲੋਜੀ ਪਹਿਲ (ਆਈਸੀਈਟੀ) ਇੰਟਰ ਸੈਸ਼ਨਲ ਅਤੇ ਹਿੰਦ ਮਹਾਸਾਗਰ ਵਾਰਤਾ ਸਮੇਤ ਦੁਵੱਲੀ ਭਾਈਵਾਲੀ ਦਾ ਸਵਾਗਤ ਕੀਤਾ । ਉਨ੍ਹਾਂ ਸਾਫ਼ ਊਰਜਾ ਸਪਲਾਈ ਚੇਨਾਂ ਅਤੇ ਰੱਖਿਆ ਸਹਿਯੋਗ ਸਮੇਤ ਅਹਿਮ ਖੇਤਰਾਂ ’ਚ ਸਹਿਯੋਗ ਲਈ ਹੋਰ ਮੌਕਿਆਂ ਬਾਰੇ ਵੀ ਚਰਚਾ ਕੀਤੀ । ਅਮਰੀਕਾ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਕਿਹਾ ਸੀ ਕਿ ਕੈਨੇਡਾ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਲਾਏ ਗਏ ਦੋਸ਼ ਚਿੰਤਾਜਨਕ ਹਨ । ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੈਨੇਡਾ ਸਰਕਾਰ ਵੱਲੋਂ ਲਾਏ ਗਏ ਦੋਸ਼ ਚਿੰਤਾਜਨਕ ਹਨ ਅਤੇ ਅਸੀਂ ਉਨ੍ਹਾਂ ਦੋਸ਼ਾਂ ਬਾਰੇ ਕੈਨੇਡਾ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਨਾ ਜਾਰੀ ਰੱਖਾਂਗੇ।’’ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ‘ਵਾਸ਼ਿੰਗਟਨ ਪੋਸਟ’ ਦੀ ਇਕ ਰਿਪੋਰਟ ਦੀ ਪੁਸ਼ਟੀ ਕੀਤੀ ਸੀ ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਕੈਨੇਡਾ ’ਚ ਖਾਲਿਸਤਾਨੀ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਮੁਹਿੰਮ ਪਿੱਛੇ ਸ਼ਾਹ ਦਾ ਹੱਥ ਸੀ ।