
ਭਾਰਤ ਨੇ ਕਾਨ ਫਿਲਮ ਮੇਲੇ ’ਚ ਤਿੰਨ ਪੁਰਸਕਾਰ ਜਿੱਤੇ
- by Aaksh News
- May 27, 2024

ਕਾਨ ਫਿਲਮ ਮੇਲੇ ਵਿਚ ਭਾਰਤ ਦੀਆਂ ਤਿੰਨ ਐਂਟਰੀਆਂ ਪਾਇਲ ਕਪਾਡੀਆ ਦੀ ‘ਆਲ ਵੀ ਇਮੈਜਿਨ ਐਜ਼ ਲਾਈਟ’, ਐੱਫਟੀਆਈਆਈ ਵਿਦਿਆਰਥੀ ਚਿਦਾਨੰਦਾ ਐੱਸ.ਨਾਇਕ ਦੀ ‘ਸਨਫਲਾਵਰਜ਼ ਵਰ ਦਿ ਫਸਟ ਵੰਨਜ਼ ਟੂ ਨੋ’ ਤੇ ਅਨਾਸੂਇਆ ਸੇਨਗੁਪਤਾ ਦੀ ‘ਦਿ ਸ਼ੇਮਲੈਸ’ ਨੇ ਤਿੰਨ ਵੱਖ ਵੱਖ ਵਰਗਾਂ ਵਿਚ ਪੁਰਸਕਾਰ ਜਿੱਤੇ ਹਨ। ਕਪਾਡੀਆ ਨੂੰ ‘ਆਲ ਵਿ ਇਮੈਜਿਨ….’ ਲਈ ਗਰੈਂਡ ਪ੍ਰਿਕਸ ਐਵਾਰਡ ਮਿਲਿਆ। ਪ੍ਰੋਡਕਸ਼ਨ ਡਿਜ਼ਾਈਨਰ ਸੇਨਗੁਪਤਾ, ਜਿਸ ਨੇ ਬੁਲਗਾਰੀਆ ਦੇ ਨਿਰਦੇਸ਼ਕ ਕੌਂਸਟੇਨਟਿਨ ਬੋਜਾਨੋਵ ਦੀ ‘ਦਿ ਸ਼ੇਮਲੈੱਸ’ ਵਿਚ ਅਹਿਮ ਭੂਮਿਕਾ ਨਿਭਾਈ ਹੈ, ਨੇ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ ਹੈ। ਨਾਇਕ ਦੀ ਫਿਲਮ ‘ਸਨਫਲਾਵਰਜ਼ ਵਰ….’ ਨੇ ਕਾਨ ਫਿਲਮ ਮੇਲੇ ਵਿਚ ਸਰਵੋਤਮ ਲਘੂ ਫਿਲਮ ਦੇ ਵਰਗ ਵਿਚ ‘ਲਾ ਸਿਨੇਫ਼’ ਪੁਰਸਕਾਰ ਜਿੱਤਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਇਲ ਕਪਾਡੀਆ ਨੂੰ ਇਸ ਸ਼ਾਨਾਮੱਤੀ ਉਪਲਬਧੀ ਲਈ ਵਧਾਈ ਦਿੱਤੀ ਹੈ। ਇਸ ਤੋਂ ਪਹਿਲਾਂ ਕਾਨ ਫਿਲਮ ਮੇਲੇ ਲਈ ਮ੍ਰਿਣਾਲ ਸੇਨ ਦੀ ‘ਖਾਰਿਜ’ (1983), ਐੱਮਐੱਸ ਸਤਯੂ ਦੀ ‘ਗਰਮ ਹਵਾ’ (1974), ਸੱਤਿਆਜੀਤ ਰੇਲ ਦੀ ‘ਪਾਰਸ ਪੱਥਰ’ (1958), ਰਾਜ ਕਪੂਰ ਦੀ ‘ਅਵਾਰਾ’’ (1953), ਵੀ. ਸ਼ਾਂਤਾਰਾਮ ਦੀ ‘ਅਮਰ ਭੂਪਾਲੀ’ (1952) ਅਤੇ ਚੇਤਨ ਆਨੰਦ ਦੀ ‘ਨੀਚਾ ਨਗਰ’ (1946) ਆਦਿ ਭਾਰਤੀ ਫ਼ਿਲਮਾਂ ਦੀ ਚੋਣ ਹੋ ਚੁੱਕੀ ਹੈ।