

ਜਾਅਲਸਾਜ਼ੀ ਕੇਸ ’ਚੋਂ ਜਗਦੀਸ਼ ਟਾਈਟਲਰ ਤੇ ਅਭਿਸ਼ੇਕ ਵਰਮਾ ਬਰੀ ਨਵੀਂ ਦਿੱਲੀ : ਸੰਸਾਰ ਪ੍ਰਸਿੱਧ ਲੋਕਤੰਤਰਿਕ ਦੇਸ਼ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਦੀ ਇਕ ਕੋਰਟ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਤੇ ਹਥਿਆਰਾਂ ਦੇ ਵਿਵਾਦਿਤ ਡੀਲਰ ਅਭਿਸ਼ੇਕ ਵਰਮਾ ਨੂੰ 2009 ਵਿਚ ਤੱਤਕਾਲੀ ਗ੍ਰਹਿ ਰਾਜ ਮੰਤਰੀ ਅਜੈ ਮਾਕਨ ਦਾ ਕਥਿਤ ਲੈਟਰਹੈੱਡ ਵਰਤਣ ਨਾਲ ਜੁੜੇ ਜਾਅਲਸਾਜ਼ੀ ਕੇਸ ਵਿਚ ਬਰੀ ਕਰ ਦਿੱਤਾ ਹੈ। ਇਹ ਦਾਅਵਾ ਉਨ੍ਹਾਂ ਦੇ ਵਕੀਲ ਨੇ ਕੀਤਾ ਹੈ। ਵਰਮਾ ਵੱਲੋਂ ਪੇਸ਼ ਐਡਵੋਕੇਟ ਮਨਿੰਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਹ ਕਹਿੰਦਿਆਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਕਿ ਇਸਤਗਾਸਾ ਧਿਰ ਦੋਸ਼ਾਂ ਨੂੰ ਸਾਬਤ ਕਰਨ ਵਿਚ ਨਾਕਾਮ ਰਹੀ ਹੈ। ਸੀ. ਬੀ. ਆਈ. ਨੇ ਮਾਕਨ ਦੀ ਸ਼ਿਕਾਇਤ ਉੱਤੇ ਕੇਸ ਦਰਜ ਕੀਤਾ ਸੀ। ਮਾਕਨ ਨੇ ਦਾਅਵਾ ਕੀਤਾ ਸੀ ਕਿ ਵਰਮਾ ਨੇ 2009 ਵਿਚ ਕਾਰੋਬਾਰੀ ਵੀਜ਼ਾ ਨੇਮਾਂ ਵਿਚ ਛੋਟ ਲਈ ਤਤਕਾਲੀ ਪ੍ਰਧਾਨ ਮੰਤਰੀ ਨੂੰ ਉਨ੍ਹਾਂ (ਮਾਕਨ) ਦੇ ਲੈਟਰਹੈੱਡ ਉੱਤੇ ਜਾਅਲੀ ਪੱਤਰ ਲਿਖਿਆ ਸੀ। ਸੀ. ਬੀ. ਆਈ. ਨੇ ਚਾਰਜਸ਼ੀਟ ’ਚ ਦਾਅਵਾ ਕੀਤਾ ਸੀ ਕਿ ਇਹ ਜਾਅਲਸਾਜ਼ੀ ਟਾਈਟਲਰ ਦੀ ਸਰਗਰਮ ਮਿਲੀਭੁਗਤ ਨਾਲ ਕੀਤੀ ਗਈ ਸੀ। ਚੀਨ ਅਧਾਰਤ ਟੈਲੀਕਾਮ ਫਰਮ ਨੂੰ ਇਹ ਜਾਅਲੀ ਪੱਤਰ ਗ਼ਲਤ ਢੰਗ ਨਾਲ ਭਾਰਤ ਵਿਚ ਵੀਜ਼ਾ ਐਕਸਟੈਨਸ਼ਨ ਯਕੀਨੀ ਬਣਾਉਣ ਦੇ ਇਰਾਦੇ ਨਾਲ ਦਿੱਤਾ ਗਿਆ ਸੀ।