ਜਗਦੀਸ਼ ਟਾਈਟਲਰ ਖਿ਼ਲਾਫ਼ 12 ਨਵੰਬਰ ਨੂੰ ਨਵੀਂ ਦਿੱਲੀ, 5 ਨਵੰਬਰ : ਦਿੱਲੀ ਦੀ ਅਦਾਲਤ 1984 ਸਿੱਖ ਕਤਲੇਆਮ ਦੌਰਾਨ ਉੱਤਰੀ ਦਿੱਲੀ ਦੇ ਪੁਲ ਬੰਗਸ਼ ਇਲਾਕੇ ਵਿੱਚ ਤਿੰਨ ਜਣਿਆਂ ਦੀ ਹੱਤਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖਿ਼ਲਾਫ਼ 12 ਨਵੰਬਰ ਨੂੰ ਸੁਣਵਾਈ ਕਰ ਸਕਦੀ ਹੈ । ਵਿਸ਼ੇਸ਼ ਜੱਜ ਜਿਤੇਂਦਰ ਸਿੰਘ, ਜਿਨ੍ਹਾਂ ਅੱਜ ਮਾਮਲੇ ਦੀ ਸੁਣਵਾਈ ਕਰਨੀ ਸੀ, ਨੇ ਇਹ ਦੱਸਦਿਆਂ ਸੁਣਵਾਈ ਮੁਲਤਵੀ ਕਰ ਦਿੱਤੀ ਕਿ ਮੁਲਜ਼ਮ ਦੇ ਵਕੀਲ ਦੀ ਸਿਹਤ ਨਾਸਾਜ਼ ਹੈ । ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਵਕੀਲ ਦਾ ਕਹਿਣਾ ਹੈ ਕਿ ਮੁੱਖ ਵਕੀਲ/ਉਸ ਦੇ ਪਿਤਾ ਦੀ ਸਿਹਤ ਠੀਕ ਨਹੀਂ ਹੈ, ਇਸ ਲਈ, ਉਸ ਨੇ ਸੁਣਵਾਈ ਥੋੜ੍ਹਾ ਅੱਗੇ ਪਾਉਣ ਦੀ ਅਪੀਲ ਕੀਤੀ ਹੈ। ਸ਼ਿਕਾਇਤਕਰਤਾ ਦੇ ਵਕੀਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਮੁਲਜ਼ਮ ਦੇ ਵਕੀਲ ਦੀ ਨਿੱਜੀ ਸਮੱਸਿਆ ਕਾਰਨ ਨਿਆਂ ਦੇ ਹਿੱਤ ਵਿੱਚ ਇੱਕ ਮੌਕਾ ਦਿੱਤਾ ਜਾਂਦਾ ਹੈ । ਟਾਈਟਲਰ ਨੂੰ ਇਸ ਕੇਸ ਵਿੱਚ ਜ਼ਮਾਨਤ ਮਿਲੀ ਹੋਈ ਹੈ। ਉਹ ਸੁਣਵਾਈ ਦੌਰਾਨ ਅਦਾਲਤ ਵਿੱਚ ਮੌਜੂਦ ਸੀ। ਸੈਸ਼ਨ ਕੋਰਟ ਨੇ ਉਸ ਨੂੰ ਪਿਛਲੇ ਸਾਲ ਅਗਸਤ ਵਿੱਚ ਪੇਸ਼ਗੀ ਜ਼ਮਾਨਤ ਦੇ ਦਿੱਤੀ ਸੀ ।
