ਵੇਅਰਹਾਊਸ ਦੇ ਗੁਦਾਮ ਵਿਚੋਂ ਚਾਵਲਾਂ ਦੇ ਗੱਟੇ ਲੁੱਟਣ ਵਾਲੇ 5 ਮੁਲਜ਼ਮਾਂ ਨੂੰ ਜੈਤੋ ਪੁਲਸ ਨੇ ਕੀਤਾ ਗ੍ਰਿਫ਼ਤਾਰ
- by Jasbeer Singh
- August 26, 2024
ਵੇਅਰਹਾਊਸ ਦੇ ਗੁਦਾਮ ਵਿਚੋਂ ਚਾਵਲਾਂ ਦੇ ਗੱਟੇ ਲੁੱਟਣ ਵਾਲੇ 5 ਮੁਲਜ਼ਮਾਂ ਨੂੰ ਜੈਤੋ ਪੁਲਸ ਨੇ ਕੀਤਾ ਗ੍ਰਿਫ਼ਤਾਰ ਜੈਤੋ : ਰਾਤ ਸਮੇਂ ਚੌਕੀਦਾਰ ਨੂੰ ਬੰਨ੍ਹ ਕੇ ਵੇਅਰਹਾਊਸ ਦੇ ਗੁਦਾਮ ’ਚੋਂ ਚੌਲਾਂ ਦੇ ਗੱਟੇ ਲੁੱਟਣ ਵਾਲੇ 5 ਮੁਲਜ਼ਮਾਂ ਨੂੰ ਜੈਤੋ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਐੱਸਪੀ (ਇਨਵੈਸਟੀਗੇਸ਼ਨ) ਫ਼ਰੀਦਕੋਟ ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਵੇਅਰਹਾਊਸ ਗੁਦਾਮ ਜੈਤੋ ਦੇ ਮੈਨੇਜਰ ਰਾਜੂ ਮਿੱਤਲ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਜੈਤੋ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ ਕਿ 17-18 ਅਗਸਤ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਬੀਕੇਐੱਮ ਐਗਰੋ ਕੋ-ਓਨਰਜ਼ ਗੁਦਾਮ ਦੇ ਸਕਿਓਰਟੀ ਗਾਰਡ ਨੂੰ ਬੰਨ੍ਹਣ ਉਪਰੰਤ ਗੁਦਾਮ ਦਾ ਮੇਨ ਗੇਟ ਤੋੜ ਕੇ ਉਸ ਵਿੱਚੋਂ 70 ਗੱਟੇ ਚੁੱਕ ਕੇ ਲੈ ਗਏ।ਉਨ੍ਹਾਂ ਦੱਸਿਆ ਕਿ ਕੇਸ ਦਰਜ ਹੋਣ ਵਾਲੇ ਦਿਨ ਤੋਂ ਹੀ ਡੀਐੱਸਪੀ ਜੈਤੋ ਸੁਖਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸਐੱਚਓ ਜੈਤੋ ਰਾਜੇਸ਼ ਕੁਮਾਰ ਲੁਟੇਰਿਆਂ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਐੱਸਐੱਚਓ ਵੱਲੋਂ ਚੋਰਾਂ ਦਾ ਕਰੀਬ 150 ਕਿਲੋਮੀਟਰ ਪਿੱਛਾ ਕਰਦਿਆਂ ਅੱਜ 5 ਲੁਟੇਰਿਆਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਵਿੱਚ ਵਿੱਕੀ ਸਿੰਘ ਤੇ ਬਲਕਰਨ ਸਿੰਘ (ਦੋਵੇਂ ਵਾਸੀ ਗੋਨਿਆਣਾ), ਅਮਨਦੀਪ ਸਿੰਘ ਉਰਫ਼ ਰਾਜੂ, ਕ੍ਰਿਸ਼ਨ ਕੁਮਾਰ ਅਤੇ ਪਰਮਿੰਦਰ ਸਿੰਘ ਉਰਫ਼ ਗੋਲਡੀ (ਤਿੰਨੇ ਵਾਸੀ ਮੁਕਸਤਰ) ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 27 ਗੱਟੇ ਚੌਲ ਅਤੇ ਇੱਕ ਟਾਟਾ ਏਸ ਗੱਡੀ ਵੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਵਾਰਦਾਤ ’ਚ ਸ਼ਾਮਲ 4 ਰਹਿੰਦੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੀ ਪੁਲੀਸ ਵੱਲੋਂ ਭਾਲ ਜਾਰੀ ਹੈ।
