

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐੱਫਪੀਆਈ) ਦੇ 8ਵੇਂ ਕੋਰਸ ਦੇ ਦੋ ਕੈਡਿਟਾਂ ਨੇ ਭਾਰਤੀ ਹਵਾਈ ਫ਼ੌਜ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਦੋਵੇਂ ਕੈਡਿਟਾਂ ਨੂੰ ਅੱਜ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਵਿੱਚ ਹੋਈ ਕੰਬਾਈਂਡ ਗ੍ਰੈਜੂਏਸ਼ਨ ਪਰੇਡ (ਸੀਜੀਪੀ) ਉਪਰੰਤ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ। ਇਸ ਪਰੇਡ ਦਾ ਨਿਰੀਖਣ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਵੱਲੋਂ ਕੀਤਾ ਗਿਆ। ਤਰਨ ਤਾਰਨ ਵਾਸੀ ਫਲਾਇੰਗ ਅਫ਼ਸਰ ਕੰਵਰਨੂਰ ਸਿੰਘ ਫਾਈਟਰ ਪਾਇਲਟ ਵਜੋਂ ਫਲਾਇੰਗ ਬ੍ਰਾਂਚ ਵਿੱਚ ਸ਼ਾਮਲ ਹੋਣਗੇ, ਜਦੋਂਕਿ ਅੰਮ੍ਰਿਤਸਰ ਵਾਸੀ ਫਲਾਇੰਗ ਅਫ਼ਸਰ ਅਨੀਸ਼ ਪਾਂਡੇ ਹੈਲੀਕਾਪਟਰ ਪਾਇਲਟ ਵਜੋਂ ਫਲਾਇੰਗ ਬ੍ਰਾਂਚ ਵਿਚ ਸ਼ਾਮਲ ਹੋਣਗੇ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵਾਂ ਕੈਡਿਟਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਬਣਨ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਏਐੱਫਪੀਆਈ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਜੈ ਐੱਚ. ਚੌਹਾਨ ਨੇ ਕੈਡਿਟਾਂ ਨੂੰ ਕਮਿਸ਼ਨਡ ਅਫਸਰ ਬਣਨ ‘ਤੇ ਵਧਾਈ ਦਿੱਤੀ।