

ਯੂਨੀਸੈੱਫ (ਭਾਰਤ) ਨੇ ਅੱਜ ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਆਪਣਾ ਨਵਾਂ ਕੌਮੀ ਦੂਤ ਨਿਯੁਕਤ ਕੀਤਾ ਹੈ। ਇੱਕ ਬਿਆਨ ਅਨੁਸਾਰ ਕਰੀਨਾ ਸਾਲ 2014 ਤੋਂ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਦੀ ਭਾਰਤ ਇਕਾਈ ਨਾਲ ਜੁੜੀ ਹੋਈ ਹੈ। ਉਹ ਹਰੇਕ ਬੱਚੇ ਦੇ ਵਿਕਾਸ, ਸਿਹਤ, ਸਿੱਖਿਆ ਤੇ ਲਿੰਗਕ ਬਰਾਬਰੀ ਦੇ ਹੱਕਾਂ ਨੂੰ ਅੱਗੇ ਵਧਾਉਣ ਵਿੱਚ ਗ਼ੈਰ-ਲਾਭਕਾਰੀ ਸੰਸਥਾ ਦਾ ਸਮਰਥਨ ਕਰੇਗੀ। ਕਰੀਨਾ ਕਪੂਰ ਨੇ ਇਸ ਤੋਂ ਪਹਿਲਾਂ ਯੂਨੀਸੈੱਫ ਇੰਡੀਆ ਲਈ ‘ਸੈਲੇਬ੍ਰਿਟੀ ਐਡਵੋਕੇਟ’ ਵਜੋਂ ਸੇਵਾਵਾਂ ਨਿਭਾਈਆਂ ਹਨ। ਕਰੀਨਾ (43) ਨੇ ਇੱਕ ਬਿਆਨ ਵਿੱਚ ਕਿਹਾ, ‘‘ਇਸ ਦੁਨੀਆਂ ਦੀ ਅਗਲੀ ਪੀੜ੍ਹੀ ਯਾਨੀ ਬੱਚਿਆਂ ਦੇ ਹੱਕਾਂ ਜਿੰਨੀ ਅਹਿਮ ਚੀਜ਼ ਹੋਰ ਕੋਈ ਨਹੀਂ ਹੈ। ਹੁਣ ਭਾਰਤ ਦੇ ਕੌਮੀ ਦੂਤ ਵਜੋਂ ਯੂਨੀਸੈੱਫ ਨਾਲ ਆਪਣਾ ਰਾਬਤਾ ਜਾਰੀ ਰੱਖਣਾ ਮੇਰੇ ਲਈ ਸਨਮਾਨ ਵਾਲੀ ਗੱਲ ਹੈ।’’