ਕਰਨਾਟਕ ਹਾਈ ਕੋਰਟ ਦੇ ਜਸਟਿਸ ਵੀ. ਸ੍ਰੀਸ਼ਾਨੰਦ ਨੇ ਜਤਾਇਆ ਅਦਾਲਤੀ ਕਾਰਵਾਈ ਦੌਰਾਨ ਖੁ਼ਦ ਵੱਲੋਂ ਕੀਤੀਆਂ ਕਥਿਤ ਇਤਰਾਜ਼ਯੋਗ
- by Jasbeer Singh
- September 23, 2024
ਕਰਨਾਟਕ ਹਾਈ ਕੋਰਟ ਦੇ ਜਸਟਿਸ ਵੀ. ਸ੍ਰੀਸ਼ਾਨੰਦ ਨੇ ਜਤਾਇਆ ਅਦਾਲਤੀ ਕਾਰਵਾਈ ਦੌਰਾਨ ਖੁ਼ਦ ਵੱਲੋਂ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਅਫ਼ਸੋਸ ਬੰਗਲੂਰੂ : ਕਰਨਾਟਕ ਹਾਈ ਕੋਰਟ ਦੇ ਜਸਟਿਸ ਵੀ. ਸ੍ਰੀਸ਼ਾਨੰਦ ਨੇ ਅਦਾਲਤੀ ਕਾਰਵਾਈ ਦੌਰਾਨ ਖੁ਼ਦ ਵੱਲੋਂ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਅਫ਼ਸੋਸ ਜਤਾਇਆ ਹੈ। ਸੁਪਰੀਮ ਕੋਰਟ ਨੇ ਅਦਾਲਤੀ ਕਾਰਵਾਈ ਦੀ ਵਾਇਰਲ ਹੋਈ ਵੀਡੀਓ ਦਾ ‘ਆਪੂੰ’ ਨੋਟਿਸ ਲੈਂਦਿਆਂ ਹਾਈ ਕੋਰਟ ਦੀ ਰਜਿਸਟਰੀ ਤੋਂ ਦੋ ਦਿਨਾਂ ’ਚ ਜਵਾਬ ਮੰਗਿਆ ਸੀ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਸੋਸ਼ਲ ਮੀਡੀਆ ’ਤੇ ਨਸ਼ਰ ਦੋ ਵੀਡੀਓਜ਼ ਦਾ 20 ਸਤੰਬਰ ਨੂੰ ਗੰਭੀਰ ਨੋਟਿਸ ਲਿਆ ਸੀ। ਵੀਡੀਓ ਵਿਚ ਜਸਟਿਸ ਸ੍ਰੀਸ਼ਾਨੰਦ ਨੂੰ ਖੁੱਲ੍ਹੀ ਕੋਰਟ ਵਿਚ ਇਤਰਾਜ਼ਯੋਗ ਟਿੱਪਣੀਆਂ ਕਰਦਿਆਂ ਦੇਖਿਆ ਤੇ ਸੁਣਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਇਕ ਕਲਿੱਪ ਵਿਚ ਜਸਟਿਸ ਸ੍ਰੀਸ਼ਾਨੰਦ ਬੰਗਲੂਰੂ ਵਿਚ ਇਕ ਇਲਾਕੇ ਦਾ ‘ਪਾਕਿਸਤਾਨ’ ਵਜੋਂ ਹਵਾਲਾ ਦਿੰਦੇ ਨਜ਼ਰ ਆਉਂਦੇ ਹਨ। ਜਸਟਿਸ ਸ੍ਰੀਸ਼ਾਨੰਦ ਨੇ ਅਦਾਲਤ ਦੀ ਕਾਰਵਾਈ ਦੌਰਾਨ ਆਪਣਾ ਬਿਆਨ ਪੜ੍ਹਦਿਆਂ ਕਿਹਾ, ‘‘ਅਦਾਲਤੀ ਕਾਰਵਾਈ ਦੌਰਾਨ ਮੇਰੇ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਨੂੰ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਕਿਸੇ ਦੂਜੇ ਸੰਦਰਭ ਵਿਚ ਪੇਸ਼ ਕੀਤਾ ਗਿਆ। ਇਹ ਟਿੱਪਣੀਆਂ ਮਿੱਥ ਕੇ ਨਹੀਂ ਬਲਕਿ ਚਾਣਚੱਕ ਕੀਤੀਆਂ ਗਈਆਂ ਸਨ ਤੇ ਇਨ੍ਹਾਂ ਦਾ ਮਕਸਦ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸਮਾਜ ਦੇ ਕਿਸੇ ਵਰਗ ਦੀਆਂ ਭਾਵਨਾਵਾਂ ਨੂੰ ਸੱਟ ਮਾਰਨਾ ਨਹੀਂ ਸੀ। ਫਿਰ ਵੀ ਜੇ ਕਿਸੇ ਵਿਅਕਤੀ ਜਾਂ ਸਮਾਜ ਦੇ ਕਿਸੇ ਵਰਗ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਮੈਨੂੰ ਇਸ ਦਾ ਦਿਲੋਂ ਅਫਸੋਸ ਹੈ।’’ ਬੰਗਲੂਰੂ ਐਡਵੋਕੇਟਸ ਐਸੋਸੀਏਸ਼ਨ ਦੇ ਕਾਰਵਾਈ ਦੌਰਾਨ ਮੌਕੇ ’ਤੇ ਮੌਜੂਦ ਵਕੀਲਾਂ ਨੇ ਕਿਹਾ ਕਿ ਕੁਝ ਯੂਟਿਊਬਰਜ਼ ਕੋਰਟ ਦੀ ਕਾਰਵਾਈ ਨੂੰ ਗੁੰਮਰਾਹਕੁਨ ਸੁਰਖੀਆਂ ਨਾਲ ਪੇਸ਼ ਕਰ ਰਹੇ ਹਨ, ਜਿਸ ਕਰਕੇ ਮੁਸ਼ਕਲ ਆਈ ਹੈ।
