

ਕਠੂਆ ਅਤਿਵਾਦੀ ਹਮਲਾ ਸਖ਼ਤ ਜਵਾਬੀ ਕਾਰਵਾਈ ਦੇ ਲਾਇਕ ਹੈ : ਰਾਸ਼ਟਰਪਤੀ ਮੁਰਮੂ ਨਵੀਂ ਦਿੱਲੀ, 9 ਜੁਲਾਈ : ਕਠੂਆ ਅਤਿਵਾਦੀ ਹਮਲੇ ਨੂੰ ਕਾਇਰਤਾਪੂਰਨ ਅਤੇ ਸਖ਼ਤ ਜਵਾਬੀ ਕਾਰਵਾਈ ਦੇ ਲਾਇਕ ਕਰਾਰ ਦਿੰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਬੇਹਦ ਨਿੰਦਕ ਹਨ। ਦੱਸਣਯੋਗ ਹੈ ਕਿ ਕਠੂਆ ਅੱਤਵਾਦੀ ਹਮਲਾ 8 ਜੁਲਾਈ ਨੂੰ ਕਠੂਆ ਵਿਖੇ ਵਾਪਰਿਆ ਹੈ। ਇਸ ਦੌਰਾਨ ਸੀ. ਆਈ. ਐਸ. ਐਫ., ਸੀ. ਆਰ. ਪੀ. ਐਫ. ਅਤੇ ਜੰਮੂ ਅਤੇ ਕਸ਼ਮੀਰ ਪੁਲਸ ਦੇ ਜਵਾਨਾਂ ਨੂੰ ਊਧਮਪੁਰ ਵਿੱਚ ਕੌਮੀ ਮਾਰਗ (ਐਨ. ਐਚ. 44) ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਮੰਗਲਵਾਰ ਸਵੇਰੇ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦਾ 11ਵਾਂ ਜੱਥਾ ਊਧਮਪੁਰ ਤੋਂ ਗੁਜ਼ਰਨ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਸੁਰੱਖਿਆ ਬਲਾਂ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 9 ਜੂਨ ਤੋਂ ਰਿਆਸੀ, ਕਠੂਆ ਅਤੇ ਡੋਡਾ ਵਿੱਚ ਚਾਰ ਥਾਵਾਂ ਤੇ ਅੱਤਵਾਦੀ ਹਮਲੇ ਹੋਏ ਹਨ, ਜਿਸ ਵਿੱਚ ਨੌਂ ਸ਼ਰਧਾਲੂ ਅਤੇ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਇਸ ਤੋਂ ਇਲਾਵਾ ਇਕ ਨਾਗਰਿਕ ਅਤੇ ਘੱਟੋ-ਘੱਟ ਸੱਤ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋ ਗਏ।