
ਕੇਜਰੀਵਾਲ ਵੱਲੋਂ ਪਟਿਆਲਾ ’ਚ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਪ੍ਰਚਾਰ
- by Aaksh News
- May 31, 2024

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ’ਚ 26 ਮਈ ਤੋਂ ਸ਼ੁਰੂ ਕੀਤਾ ਚੋਣ ਪ੍ਰਚਾਰ ਅੱਜ ਪਟਿਆਲਾ ’ਚ ਸਮਾਪਤ ਹੋ ਗਿਆ। ਇਸ ਦੌਰਾਨ ਸ੍ਰੀ ਕੇਜਰੀਵਾਲ ਨੇ ਸਥਾਨਕ ਸ਼ਹਿਰ ਦੇ ਸੰਘਣੇ ਬਾਜ਼ਾਰਾਂ ’ਚ ਹਲਕਾ ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ’ਚ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਨ। ਕਰੀਬ ਚਾਰ ਵਜੇ ਸ਼ੁਰੂ ਕੀਤਾ ਇਹ ਰੋਡ ਸ਼ੋਅ ਉਨ੍ਹਾਂ ਨੇ ਪ੍ਰਚਾਰ ਦੇ ਸਮਾਪਤੀ ਸਮੇਂ (ਪੰਜ ਵਜੇ) ਨੂੰ ਮੁੱਖ ਰੱਖਦਿਆਂ ਪੌਣੇ ਪੰਜ ਵਜੇ ਹੀ ਸਮਾਪਤ ਕਰ ਦਿੱਤਾ। ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਅਮਿਤ ਸ਼ਾਹ ਵੱਲੋਂ ਪੰਜਾਬ ਸਰਕਾਰ ਨੂੰ ਡੇਗਣ ਦੀ ਕਥਿਤ ਧਮਕੀ ਦਾ ਵੋਟਾਂ ਨਾਲ ਜਵਾਬ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦਾ ਤਾਂ ਉੱਕਾ ਹੀ ਜ਼ਿਕਰ ਨਾ ਕੀਤਾ, ਪਰ ਬਗੈਰ ਨਾਮ ਲਏ ਭਾਜਪਾ ਉਮੀਦਵਾਰ ਪ੍ਰਨੀਤ ਕੌਰ ’ਤੇ ਤਨਜ਼ ਕੱਸਦਿਆਂ ਕਿਹਾ, ‘‘ਰਾਜੇ ਮਹਾਰਾਜਿਆਂ ਨੇ ਤੁਹਾਡੇ ਕੰਮ ਨਹੀਂ ਆਉਣਾ, ਪਰ ਡਾ. ਬਲਬੀਰ ਸਿੰਘ ਨੂੰ ਭਾਵੇਂ ਤੁਸੀਂ ਰਾਤ ਨੂੰ ਦੋ ਵਜੇ ਫੋਨ ਕਰ ਲਿਓ, ਇਹ ਰਾਤ ਨੂੰ ਵੀ ਤੁਹਾਡੀ ਗੱਲ ਸੁਣਨ ਲਈ ਹਾਜ਼ਰ ਹੋਣਗੇ। ਇਸ ਕਰਕੇ ਪਟਿਆਲਵੀ ਝਾੜੂ ਵਾਲੇ ਚੋਣ ਨਿਸ਼ਾਨ ਦਾ ਬਟਣ ਦੱਬ ਕੇ ਇਨ੍ਹਾਂ ਦੀ ਜਿੱਤ ਯਕੀਨੀ ਬਣਾਉਣ।’’ ਘਰ ਆਈ ਲੱਛਮੀ ਮੋੜਦੇ ਨਹੀਂ ਹੁੰਦੇ: ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪਟਿਆਲਾ ਦੇ ਕੁਝ ਉਮੀਦਵਾਰ ਪੈਸੇ ਵੀ ਵੰਡਣਗੇ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਘਰ ਆਈ ਲੱਛਮੀ ਮੋੜੀ ਦੀ ਨਹੀਂ ਹੁੰਦੀ, ਇਸ ਲਈ ਜੇ ਦੇਣਗੇ ਤਾਂ ਪੈਸੇ ਜ਼ਰੂਰ ਲੈ ਲਿਓ, ਪਰ ਵੋਟਾਂ ਝਾੜੂ ਨੂੰ ਹੀ ਪਾਇਓ।’’ ਇਸ ਮੌਕੇ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਚੇਤਨ ਜੌੜੇਮਾਜਰਾ, ਵਿਧਾਇਕ ਅਜੀਤਪਾਲ ਕੋਹਲੀ ਤੇ ਹਰਮੀਤ ਪਠਾਣਮਾਜਰਾ ਵੀ ਮੌਜੂਦ ਰਹੇ।