 
                                             ਕਿਆਰਾ ਅਡਵਾਨੀ ਦਾ ਫਿਲਮ ਇੰਡਸਟਰੀ ਵਿੱਚ ਦਹਾਕਾ ਮੁਕੰਮਲ
- by Aaksh News
- June 15, 2024
 
                              ‘ਫਗਲੀ’ ਨਾਲ ਬੌਲੀਵੁੱਡ ਦੀ ਦੁਨੀਆਂ ਵਿੱਚ ਪੈਰ ਧਰਨ ਵਾਲੀ ਅਦਾਕਾਰਾ ਕਿਆਰਾ ਅਡਵਾਨੀ ਨੇ ਵੀਰਵਾਰ ਨੂੰ ਇੰਡਸਟਰੀ ’ਚ ਇਕ ਦਹਾਕਾ ਪੂਰਾ ਕਰ ਲਿਆ ਹੈ। ਇਸ ਮੌਕੇ ਉਹ ਕਾਫ਼ੀ ਭਾਵੁਕ ਨਜ਼ਰ ਆਈ। ਉਸ ਨੇ ਇਕ ਵੀਡੀਓ ਸਾਂਝਾ ਕੀਤਾ ਜਿਸ ਦੀ ਸ਼ੁਰੂਆਤ ਵਿੱਚ ਕਿਆਰਾ ਮਜ਼ਾਹੀਆ ਅੰਦਾਜ਼ ਵਿੱਚ ਆਪਣੀ ਟੀਮ ਨੂੰ ਦੱਸ ਰਹੀ ਹੈ ਕਿ ਉਹ ਆਪਣੇ ਪਰਿਵਾਰ ਅੱਗੇ ‘ਸ਼ੋਅ’ ਪੇਸ਼ ਕਰਦੀ ਹੁੰਦੀ ਸੀ। ਫਿਰ ਉਸ ਨੇ ਉਨ੍ਹਾਂ ਨੂੰ ਆਪਣੇ ਬਚਪਨ ਦਾ ਵੀਡੀਓ ਦਿਖਾਇਆ ਜਿਸ ਵਿੱਚ ਕਿਆਰਾ ਨੂੰ ਪ੍ਰਫਾਰਮ ਕਰਦਿਆਂ ਦੇਖਿਆ ਜਾ ਸਕਦਾ ਹੈ। ਉਸ ਨੂੰ ਉਨ੍ਹਾਂ ਕਿਰਦਾਰਾਂ ਦੀਆਂ ਤਸਵੀਰਾਂ ਨਾਲ ਕੇਕ ਕੱਟਦੇ ਦੇਖਿਆ ਜਾ ਸਕਦਾ ਹੈ ਜੋ ਉਸ ਨੇ ਲੰਘੇ ਸਾਲਾਂ ਦੌਰਾਨ ਨਿਭਾਏ ਹਨ। ਵੀਡੀਓ ਵਿੱਚ ਕਿਆਰਾ ਦੇ ਪ੍ਰਸ਼ੰਸਕਾਂ ਨਾਲ ਮੇਲ-ਮਿਲਾਪ ਨੂੰ ਵੀ ਦਿਖਾਇਆ ਗਿਆ ਹੈ ਜਿਸ ਨੂੰ ਦੇਖ ਕੇ ਉਹ ਭਾਵੁਕ ਹੋ ਜਾਂਦੀ ਹੈ। ਵੀਡੀਓ ਦੇ ਨਾਲ ਉਸ ਨੇ ਲੰਮਾ ਧੰਨਵਾਦ ਨੋਟ ਵੀ ਲਿਖਿਆ ਹੈ। ਨੋਟ ਮੁਤਾਬਿਕ, ‘13 ਜੂਨ 2014. 10 ਸਾਲ ਅਤੇ ਅਜਿਹਾ ਮਹਿਸੂਸ ਹੋ ਰਿਹੈ ਜਿਵੇਂ ਇਹ ਕੱਲ੍ਹ ਦੀ ਗੱਲ ਹੁੰਦੀ ਹੈ.. ਮੈਂ ਅਜੇ ਵੀ ਉਹੀ ਲੜਕੀ ਹਾਂ, ਜੋ ਆਪਣੇ ਪਰਿਵਾਰ ਅੱਗੇ ਪ੍ਰਦਰਸ਼ਨ ਕਰਨ ਲਈ ਉਤਾਵਲੀ ਰਹਿੰਦੀ ਹੈ… ਬੱਸ ਫਰਕ ਸਿਰਫ਼ ਇੰਨਾ ਹੈ ਕਿ ਹੁਣ ਮੇਰਾ ਪਰਿਵਾਰ ਬਹੁਤ ਵੱਡਾ ਹੈ ਕਿਉਂਕਿ ਤੁਹਾਡੇ ਵਿੱਚੋਂ ਹਰ ਕੋਈ ਇਸ ਦਾ ਹਿੱਸਾ ਹੈ।’ ਉਸ ਨੇ ਆਪਣੇ ਇਸ ਸਫਰ ਦੌਰਾਨ ਮਿਲੇ ਪਿਆਰ ਲਈ ਵੀ ਧੰਨਵਾਦ ਕੀਤਾ। ਸਿਧਾਰਥ ਮਲਹੋਤਰਾ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ’ਤੇ ਉਸ ਲਈ ਸੰਦੇਸ਼ ਪੋਸਟ ਕੀਤਾ। ਉਸ ਨੇ ਲਿਖਿਆ, ‘ਇੱਕ ਦਹਾਕੇ ਦੀ ਸਖ਼ਤ ਮਿਹਨਤ, ਪਿਆਰ ਅਤੇ ਜਨੂੰਨ ਲਈ ਸ਼ੁਭਕਾਮਨਾਵਾਂ! ਚਮਕਦੇ ਰਹੋ।’ ਜ਼ਿਕਰਯੋਗ ਹੈ ਕਿ ਕਿਆਰਾ ਅਡਵਾਨੀ ਨੇ ਨਾ ਸਿਰਫ ਆਪਣੀ ਅਦਾਕਾਰੀ ਨਾਲ ਸਗੋਂ ਆਪਣੇ ਫੈਸ਼ਨ ਸਟਾਈਲ ਨਾਲ ਵੀ ਲੱਖਾਂ ਦਿਲਾਂ ਨੂੰ ਮੋਹਿਆ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਫਗਲੀ’ ਨਾਲ ਕੀਤੀ ਅਤੇ ਜਲਦੀ ਹੀ ‘ਐੱਮਐੱਸ ਧੋਨੀ -ਦਿ ਅਨਟੋਲਡ ਸਟੋਰੀ’, ‘ਲਸਟ ਸਟੋਰੀਜ਼’, ‘ਕਬੀਰ ਸਿੰਘ’, ‘ਸ਼ੇਰਸ਼ਾਹ’, ‘ਗੁੱਡ ਨਿਊਜ਼’ ਵਰਗੀਆਂ ਫਿਲਮਾਂ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। -ਏਐਨਆਈ

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     