
ਕਿਸਾਨ ਮੋਰਚੇ ਨੇ ਕੀਤਾ 13 ਅਕਤੂਬਰ ਨੂੰ ਪੰਜਾਬ ਭਰ `ਚ ਸੜਕਾਂ ਬੰਦ ਕਰਨ ਦਾ ਐਲਾਨ
- by Jasbeer Singh
- October 11, 2024

ਕਿਸਾਨ ਮੋਰਚੇ ਨੇ ਕੀਤਾ 13 ਅਕਤੂਬਰ ਨੂੰ ਪੰਜਾਬ ਭਰ `ਚ ਸੜਕਾਂ ਬੰਦ ਕਰਨ ਦਾ ਐਲਾਨ ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਨੇ 13 ਅਕਤੂਬਰ ਨੂੰ ਪੰਜਾਬ ਭਰ `ਚ ਸੜਕਾਂ ਬੰਦ ਕਰਨ ਦੇ ਕੀਤੇ ਗਏ ਐਲਾਨ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੱਸਿਆ ਕਿ ਇਸ ਐਲਾਨ ਦੌਰਾਨ 13 ਅਕਤੂਬਰ ਨੂੰ 3 ਘੰਟੇ ਲਈ ਪੰਜਾਬ ਦੀਆਂ ਸੜਕਾਂ ਠੱਪ ਕੀਤੀਆਂ ਜਾਣਗੀਆਂ। ਚੰਡੀਗੜ੍ਹ `ਚ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕੇ ਖਰੀਦ ਸ਼ੁਰੂ ਨਹੀਂ ਹੋਈ ਹੈ, ਜਿਸ ਲਈ ਪੰਜਾਬ ਅਤੇ ਦਿੱਲੀ ਦੋਵੇਂ ਸਰਕਾਰਾਂ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵਤੀਰਾ ਕਿਸਾਨ ਨੂੰ ਮਾਰਨਾ ਹੈ।ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਝੋਨਾ ਪੰਜਾਬ ਤੋਂ ਸ਼ਿਫਟ ਨਹੀਂ ਕੀਤਾ ਤਾਂ ਪੰਜਾਬ ਤਬਾਹ ਹੋ ਜਾਵੇਗਾ। ਇਸਦੇ ਮੱਦੇਨਜ਼ਰ 13 ਤਰੀਕ ਨੂੰ ਅਸੀਂ ਪੰਜਾਬ ਦਾ 12 ਤੋਂ 3 ਵਜੇ ਤੱਕ ਸੜਕੀ ਆਵਾਜਾਈ ਠੱਪ ਕਰਾਂਗੇ ਅਤੇ 14 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਨਾਲ ਇੱਕ ਸਾਂਝੀ ਮੀਟਿੰਗ ਕਿਸਾਨ ਭਵਨ `ਚ ਸਰਕਾਰ ਦੇ ਖਿਲਾਫ ਸਖਤ ਕਦਮ ਚੁੱਕਣ ਲਈ ਕੀਤੀ ਜਾਵੇਗੀ।