 
                                              
                              ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਕਿਫ਼ਾਇਤੀ ਗੇਂਦਬਾਜ਼ੀ ਅਤੇ ਵੈਂਕਟੇਸ਼ ਅਈਅਰ ਦੇ ਨਾਬਾਦ ਨੀਮ ਸੈਂਕੜੇ ਦੀ ਮਦਦ ਨਾਲ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਦੇ ਇਕਪਾੜ ਫਾਈਨਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਦਹਾਕੇ ਮਗਰੋਂ ਤੀਸਰਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਕੇਕੇਆਰ ਨੇ ਗੌਤਮ ਗੰਭੀਰ ਦੀ ਕਪਤਾਨੀ ਵਿੱਚ 2012 ਅਤੇ 2014 ਵਿੱਚ ਆਈਪੀਐੱਲ ਟਰਾਫੀ ਜਿੱਤੀ ਸੀ। ਹੁਣ ਕੋਚ ਗੰਭੀਰ ਨੇ ਮਾਹਿਰ ਰਣਨੀਤੀਘਾੜੇ ਵਜੋਂ ਕੇਕੇਆਰ ਨੂੰ ਤੀਸਰੀ ਟਰਾਫੀ ਦਿਵਾਈ ਹੈ। ਇਸ ਤਰ੍ਹਾਂ ਚੇਨੱਈ ਸੁਪਰਕਿੰਗਜ਼ (ਪੰਜ) ਅਤੇ ਮੁੰਬਈ ਇੰਡੀਅਨਜ਼ (ਪੰਜ) ਮਗਰੋਂ ਕੇਕੇਆਰ ਤਿੰਨ ਆਈਪੀਐੱਲ ਜਿੱਤਣ ਵਾਲੀ ਤੀਸਰੀ ਟੀਮ ਬਣ ਗਈ ਹੈ। ਗੰਭੀਰ ਤੋਂ ਇਲਾਵਾ ਮੁੱਖ ਕੋਚ ਚੰਦਰਕਾਂਤ ਪੰਡਿਤ ਨੇ ਇਸ ਖ਼ਿਤਾਬ ਨੂੰ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਸੈਸ਼ਨ ਦਾ ਸਭ ਤੋਂ ਵੱਡਾ ਸਕੋਰ (ਤਿੰਨ ਵਿਕਟਾਂ ’ਤੇ 287 ਦੌੜਾਂ) ਬਣਾਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਫਾਈਨਲ ਵਿੱਚ ਟਿਕ ਨਹੀਂ ਸਕੀ ਅਤੇ ਪੂਰੀ ਟੀਮ 18.3 ਓਵਰਾਂ ਵਿੱਚ 113 ਦੌੜਾਂ ’ਤੇ ਹੀ ਆਊਟ ਹੋ ਗਈ। ਇਹ ਆਈਪੀਐੱਲ ਫਾਈਨਲ ਦਾ ਸਭ ਤੋਂ ਘੱਟ ਸਕੋਰ ਵੀ ਰਿਹਾ। ਇਸ ਸੈਸ਼ਨ ਵਿੱਚ ਸ਼ੁਰੂ ਤੋਂ ਦਬਦਬਾ ਬਣਾਉਣ ਵਾਲੇ ਕੇਕੇਆਰ ਲਈ ਇਹ ਟੀਚਾ ਹਾਸਲ ਕਰਨਾ ਮਹਿਜ਼ ਰਸਮ ਬਣ ਗਿਆ ਸੀ। ਉਸ ਨੇ ਵੈਂਕਟੇਸ਼ ਅਈਅਰ (ਨਾਬਾਦ 52 ਦੌੜਾਂ) ਅਤੇ ਰਹਿਮਾਨੁੱਲ੍ਹਾ ਗੁਰਬਾਜ਼ (39 ਦੌੜਾਂ) ਦੀ ਮਦਦ ਨਾਲ ਇਹ ਟੀਚਾ 10.3 ਓਵਰਾਂ ਵਿੱਚ ਦੋ ਵਿਕਟਾਂ ’ਤੇ 114 ਦੌੜਾਂ ਬਣਾ ਕੇ ਹਾਸਲ ਕਰ ਲਿਆ। ਵੈਂਕਟੇਸ਼ ਅਈਅਰ ਨੇ 26 ਗੇਂਦਾਂ ਵਿੱਚ ਚਾਰ ਚੌਕੇ ਤੇ ਤਿੰਨ ਛੱਕੇ, ਜਦਕਿ ਗੁਰਬਾਜ਼ ਨੇ 32 ਗੇਂਦਾਂ ਵਿੱਚ ਪੰਜ ਚੌਕੇ ਤੇ ਦੋ ਛੱਕੇ ਜੜੇ। ਕਪਤਾਨ ਵਜੋਂ ਸ਼੍ਰੇਅਸ ਅਈਅਰ ਦਾ ਇਹ ਦੂਸਰਾ ਫਾਈਨਲ ਸੀ। ਉਸ ਨੇ ਤਿੰਨ ਗੇਂਦਾਂ ਵਿੱਚ ਨਾਬਾਦ ਛੇ ਦੌੜਾਂ ਬਣਾਈਆਂ। ਇਸ ਜਿੱਤ ਦਾ ਨਾਇਕ ਮਿਸ਼ੇਲ ਸਟਾਰਕ ਰਿਹਾ। ਉਸ ਨੇ ਤਿੰਨ ਓਵਰਾਂ ਵਿੱਚ 14 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਆਂਦਰੇ ਰੱਸਲ ਨੇ 2.3 ਓਵਰਾਂ ਵਿੱਚ 19 ਦੌੜਾਂ ਦੇ ਕੇ ਤਿੰਨ ਵਿਕਟਾਂ, ਜਦਕਿ ਹਰਸ਼ਿਤ ਰਾਣਾ ਨੇ 24 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ। ਕੇਕੇਆਰ ਨੇ 2024 ਸੈਸ਼ਨ ਵਿੱਚ ਸ਼ੁਰੂ ਤੋਂ ਸ਼ਾਨਦਾਰ ਕ੍ਰਿਕਟ ਖੇਡੀ ਹੈ। ਹੁਣ ਇਕਪਾਸੜ ਫਾਈਨਲ ਵੀ ਉਸ ਦੇ 17ਵੇਂ ਸੈਸ਼ਨ ਵਿੱਚ ਦਬਦਬੇ ਦਾ ਸਬੂਤ ਹੈ। ਮੈਚ ਵਿੱਚ ਸਨਰਾਈਜ਼ਰਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੇ ਪਹਿਲੇ ਦੋ ਓਵਰਾਂ ਵਿੱਚ ਆਪਣੇ ਸਲਾਮੀ ਬੱਲੇਬਾਜ਼ਾਂ ਅਭਿਸ਼ੇਕ ਸ਼ਰਮਾ (ਦੋ) ਅਤੇ ਟਰੈਵਿਸ ਹੈੱਡ (ਸਿਫ਼ਰ) ਦੀਆਂ ਵਿਕਟਾਂ ਗੁਆ ਲਈਆਂ। ਉਸ ਦਾ ਦੋ ਓਵਰਾਂ ਵਿੱਚ ਸਕੋਰ ਦੋ ਵਿਕਟਾਂ ’ਤੇ ਛੇ ਦੌੜਾਂ ਸੀ। ਸਨਰਾਈਜ਼ਰਜ਼ ਨੇ 62 ਦੌੜਾਂ ’ਤੇ ਪੰਜ ਵਿਕਟਾਂ ਗੁਆ ਲਈਆਂ ਸਨ। ਇਸ ਮਗਰੋਂ ਕੋਈ ਉਮੀਦ ਨਹੀਂ ਬਚੀ ਸੀ। ਕਪਤਾਨ ਪੈਟ ਕਮਿਨਸ ਨੇ ਟੀਮ ਲਈ ਸਭ ਤੋਂ ਵੱਧ 24 ਦੌੜਾਂ ਬਣਾਈਆਂ। -ਪੀਟੀਆਈ ਕੋਹਲੀ ਨੇ ‘ਓਰੇਂਜ’ ਤੇ ਹਰਸ਼ਲ ਨੇ ‘ਪਰਪਲ ਕੈਪ’ ਜਿੱਤੀ ਰੌਇਲ ਚੈਲੰਜਰਜ਼ ਬੰਗਲੂਰੂ ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਸਭ ਤੋਂ ਵੱਧ 741 ਦੌੜਾਂ ਬਣਾ ਕੇ ‘ਓਰੇਂਜ ਕੈਪ’ ਜਦਕਿ 14 ਮੈਚਾਂ ਵਿੱਚ 24 ਵਿਕਟਾਂ ਲੈ ਕੇ ਹਰਸ਼ਲ ਪਟੇਲ ਨੇ ‘ਪਰਪਲ ਕੈਪ’ ਜਿੱਤੀ। ਵਿਰਾਟ ਕੋਹਲੀ ਵੱਲੋਂ 15 ਮੈਚਾਂ ਵਿੱਚ 61.75 ਦੀ ਔਸਤ ਨਾਲ ਬਣਾਈਆਂ 741 ਦੌੜਾਂ ਵਿੱਚ ਇੱਕ ਸੈਂਕੜਾ ਤੇ ਪੰਜ ਨੀਮ ਸੈਂਕੜੇ ਸ਼ਾਮਲ ਹਨ। ਇਸ ਤੋਂ ਬਾਅਦ ਚੇਨੱਈ ਸੁਪਰ ਕਿੰਗਜ਼ ਦਾ ਰਿਤੂਰਾਜ ਗਾਇਕਵਾੜ 14 ਮੈਚਾਂ ਵਿੱਚ 583 ਅਤੇ ਰਾਜਸਥਾਨ ਰੌਇਲਜ਼ ਦਾ ਰਿਆਨ ਪਰਾਗ 15 ਮੈਚਾਂ ਵਿੱਚ 573 ਦੌੜਾਂ ਬਣਾ ਕੇ ਤੀਜੇ ਸਥਾਨ ’ਤੇ ਰਿਹਾ। ਸਭ ਤੋਂ ਵੱਧ 42 ਛੱਕੇ ਸਨਰਾਈਜ਼ਰ ਹੈਦਰਾਬਾਦ ਦੇ ਅਭਿਸ਼ੇਕ ਕੁਮਾਰ ਨੇ ਜੜੇ ਜਦਕਿ ਸਭ ਤੋਂ ਵੱਧ ਚੌਕੇ ਮਾਰਨ ਦਾ ਰਿਕਾਰਡ ਹੈਦਰਾਬਾਦ ਦੇ ਹੀ ਟਰੈਵਿਸ ਹੈੱਡ ਦੇ ਨਾਮ ਰਿਹਾ। ਉਸ ਨੇ 15 ਮੈਚਾਂ ਵਿੱਚ 64 ਚੌਕੇ ਮਾਰੇ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     