post

Jasbeer Singh

(Chief Editor)

Punjab

ਬੱਚਿਆਂ ਦੀ ਜਿਨਸੀ ਸੁਰੱਖਿਆ ਸਬੰਧੀ ਜਾਗਰੂਕਤਾ ਲਈ ਸਕੂਲਾਂ ਵਿੱਚ ਵਿਖਾਈ ‘ਕੋਮਲ’ ਫਿਲਮ

post-img

ਬੱਚਿਆਂ ਦੀ ਜਿਨਸੀ ਸੁਰੱਖਿਆ ਸਬੰਧੀ ਜਾਗਰੂਕਤਾ ਲਈ ਸਕੂਲਾਂ ਵਿੱਚ ਵਿਖਾਈ ‘ਕੋਮਲ’ ਫਿਲਮ ਮਾਲੇਰਕੋਟਲਾ, 23 ਦਸੰਬਰ 2025 : ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਕੂਲਾਂ ਵਿੱਚ “ਕੋਮਲ” ਫਿਲਮ ਦਿਖਾਈ ਜਾ ਰਹੀ ਹੈ। ਇਸ ਫਿਲਮ ਦੇ ਮਾਧਿਅਮ ਨਾਲ ਬੱਚਿਆਂ ਨੂੰ ਸਧਾਰਣ ਅਤੇ ਆਸਾਨ ਭਾਸ਼ਾ ਵਿੱਚ ਚੰਗੀ ਅਤੇ ਮਾੜੀ ਛੂਹ ਦੇ ਅੰਤਰ ਬਾਰੇ ਦੱਸਿਆ ਅਤੇ ਅਣਚਾਹੀ ਸਥਿਤੀ ਵਿੱਚ ਆਪਣੀ ਗੱਲ ਕਿਵੇਂ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣੀ ਹੈ ਉਸ ਬਾਰੇ ਵੀ ਦੱਸਿਆ ਜਾ ਰਿਹਾ ਹੈ। ਇਸੇ ਕੜੀ ਤਹਿਤ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸ਼ਰੀਰਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਨਵਾਬ ਗੰਜ ਮਲੇਰਕੋਟਲਾ, ਸਰਕਾਰੀ ਮਿਡਲ ਸਮਾਰਟ ਸਕੂਲ ਰਟੋਲਾਂ, ਸਰਕਾਰੀ ਹਾਈ ਸਕੂਲ ਖੂਰਦ ਅਤੇ ਸਰਕਾਰੀ ਹਾਈ ਸਕੂਲ ਦੁੱਗਰੀ ਵਿਖੇ “ਕੋਮਲ” ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ। ਵਿਭਾਗ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਸਦਕਾ ਆਉਣ ਵਾਲੇ ਦਿਨਾਂ ਵਿੱਚ ਹੋਰ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਵੀ ਇਹ ਫਿਲਮ ਦਿਖਾਈ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਬਾਲ ਸੁਰੱਖਿਆ ਸਬੰਧੀ ਜਾਗਰੂਕ ਕੀਤਾ ਜਾ ਸਕੇ। ਫਿਲਮ ਦੇ ਪ੍ਰਦਰਸ਼ਨ ਉਪਰੰਤ ਬੱਚਿਆਂ ਨੂੰ ਪੋਕਸੋ ਐਕਟ ਤਹਿਤ ਉਨ੍ਹਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਕਾਨੂੰਨੀ ਸਹਾਇਤਾ ਸਬੰਧੀ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਮਝਾਇਆ ਗਿਆ ਕਿ ਉਹ ਕਿਸੇ ਵੀ ਡਰ ਅਤੇ ਆਪਣੇ ਨਾਲ ਵਾਪਰ ਰਹੀ ਕਿਸੇ ਵੀ ਗਲਤ ਘਟਨਾ ਬਾਰੇ ਮਾਪਿਆਂ, ਅਧਿਆਪਕਾਂ ਜਾਂ ਕਿਸੇ ਭਰੋਸੇਯੋਗ ਵਿਅਕਤੀ ਨੂੰ ਤੁਰੰਤ ਜਾਣਕਾਰੀ ਦੇਣ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਇੱਕ ਗੰਭੀਰ ਅਪਰਾਧ ਹੈ ਅਤੇ ਕਾਨੂੰਨ ਅਧੀਨ ਇਸ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੈ। ਫਿਲਮ ਪ੍ਰਦਰਸ਼ਨ ਤੋਂ ਬਾਅਦ ਬੱਚਿਆਂ ਨੂੰ ਬਾਲ ਸੁਰੱਖਿਆ ਹੈਲਪਲਾਈਨ ਨੰਬਰ 1098 ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸਚੇਤ ਕੀਤਾ ਗਿਆ। ਇਸ ਮੌਕੇ ਮਾਪਿਆਂ ਅਤੇ ਸਕੂਲ ਪ੍ਰਬੰਧਨ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਉਨ੍ਹਾਂ ਲਈ ਇੱਕ ਸੁਰੱਖਿਅਤ, ਭਰੋਸੇਯੋਗ ਅਤੇ ਮਿੱਤਰਤਾਪੂਰਨ ਮਾਹੌਲ ਯਕੀਨੀ ਬਣਾਉਣ।

Related Post

Instagram