post

Jasbeer Singh

(Chief Editor)

Punjab

ਬੱਚਿਆਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਦਿਖਾਈ ਜਾਵੇਗੀ ‘ਕੋਮਲ’ ਫਿਲਮ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

post-img

ਬੱਚਿਆਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਦਿਖਾਈ ਜਾਵੇਗੀ ‘ਕੋਮਲ’ ਫਿਲਮ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਲੇਰਕੋਟਲਾ, 12 ਦਸੰਬਰ 2025 : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਬੱਚਿਆਂ ਦੀ ਸੁਰੱਖਿਆ ਅਤੇ ਬਾਲ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਚਲਾਈ ਜਾ ਰਹੀ ਰਾਜ ਪੱਧਰੀ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ‘ਕੋਮਲ’ ਫਿਲਮ ਦਿਖਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰ ਪਾਲ ਕੌਰ ਧਾਰੀਵਾਲ ਨੇ ਦੱਸਿਆ ਇਹ ਫਿਲਮ ਬੱਚਿਆਂ ਨੂੰ ਜਿਣਸੀ ਸ਼ੋਸ਼ਣ ਦੀ ਪਛਾਣ, ਖਤਰੇ ਵਾਲੀਆਂ ਸਥਿਤੀਆਂ ਤੋਂ ਬਚਾਅ ਅਤੇ ਸੁਰੱਖਿਆ ਦੇ ਅਧਿਕਾਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਮਾਪਿਆਂ ਦੀ ਸੁਵਿਧਾ ਲਈ ਫਿਲਮ ਯੂ ਟਿਊਬ 'ਤੇ ਵੀ ਉਪਲੱਬਧ ਹੈ। ਜਿਸ ਦਾ ਲਿੰਕ https://youtu.be/VkY0xqtw6W8?si=Pzar0OVfgDWIfnSG ਹੈ। ਜ਼ਿਲਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਜ਼ਿਲੇ ਦੇ ਸਮੂਹ ਆਂਗਨਵਾੜੀ ਕੇਂਦਰਾਂ, ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਇਸ ਫਿਲਮ ਦਾ ਪ੍ਰਦਰਸ਼ਨ ਲਾਜ਼ਮੀ ਤੌਰ 'ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਸੁਰੱਖਿਅਤ ਅਤੇ ਅਸੁਰੱਖਿਅਤ ਛੂਹ, ਖਤਰਨਾਕ ਸਥਿਤੀਆਂ ਤੋਂ ਬਚਾਅ, ਮਦਦ ਲੈਣ ਦੇ ਠੀਕ ਤਰੀਕੇ, ਅਤੇ ਕਿਸੇ ਵੀ ਦੁਰਵਿਵਹਾਰ ਦੀ ਜਾਣਕਾਰੀ ਤੁਰੰਤ ਭਰੋਸੇਯੋਗ ਵੱਡੇ ਨੂੰ ਦੇਣ ਬਾਰੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲ਼ੋਂ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਿਲ ਕਰਦੇ ਹੋਏ ਉਨ੍ਹਾਂ ਨੂੰ ਬੱਚਿਆਂ ਨਾਲ ਖੁੱਲ੍ਹ ਕਰ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਵਿਵਹਾਰ ‘ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਫਿਲਮ ਤੋਂ ਬਾਅਦ ਮਾਹਰਾਂ ਵੱਲੋਂ ਇੰਟਰੈਕਟਿਵ ਸੈਸ਼ਨ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਬੱਚਿਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਜਾਣਗੇ। ‘ਕੋਮਲ’ ਫਿਲਮ ਰਾਹੀਂ ਬੱਚਿਆਂ ਵਿੱਚ ਹਿੰਮਤ, ਜਾਗਰੂਕਤਾ ਅਤੇ ਸਵੈ ਸੁਰੱਖਿਆ ਦੀ ਸਮਝ ਵਧਾਉਣਾ ਸਾਡਾ ਮੁੱਖ ਉਦੇਸ਼ ਹੈ। ਉਨਾਂ ਜ਼ਿਲੇ ਦੇ ਸਮੂਹ ਮਾਤਾ–ਪਿਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਇਹ “ਕੋਮਲ” ਫਿਲਮ ਦਿਖਾਉਣ। ਇਹ ਜਾਗਰੂਕਤਾ ਫਿਲਮ ਬੱਚਿਆਂ ਵਿੱਚ ਹੌਸਲਾ, ਸੁਰੱਖਿਆ ਬਾਰੇ ਜਾਣਕਾਰੀ ਅਤੇ ਅਣਚਾਹੀਆਂ ਸਥਿਤੀਆਂ ਤੋਂ ਬਚਣ ਦੀ ਸਮਝ ਪੈਦਾ ਕਰਦੀ ਹੈ।

Related Post

Instagram