post

Jasbeer Singh

(Chief Editor)

Latest update

ਸੰਤ ਰਾਮ ਉਦਾਸੀ ਦੇ ਜਨਮ ਦਿਨ ਮੌਕੇ ਸਾਹਿਤਕ ਸਮਾਗਮ

post-img

ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਮੌਕੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਦੇ ਵਿਖੇ ਭਾਸ਼ਾ ਵਿਭਾਗ ਅਤੇ ਲੋਕ ਸਕੂਲ ਵੱਲੋਂ ਸਾਂਝੇ ਤੌਰ ’ਤੇ ਸਾਹਿਤਕ ਸਮਾਗਮ ਕਰਵਾਇਆ ਗਿਆ। ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਅਤੇ ਸਕੂਲ ਮੁਖੀ ਮਨਜੀਤ ਕੌਰ ਮਾਨ ਨੇ ਕਿਹਾ ਕਿ ਕਵੀ ਉਦਾਸੀ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਰਾਹੀਂ ਕਿਰਤੀ ਵਰਗ ਦੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਬਿਆਨ ਕਰਦਿਆਂ ਸੰਘਰਸ਼ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਦਾਸੀ ਨੇ ਆਪਣੀਆਂ ਲੋਕ-ਪੱਖੀ ਰਚਨਾਵਾਂ ਰਾਹੀਂ ਪਿੰਡ ਰਾਏਸਰ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ।ਇਸ ਮੌਕੇ ਉਦਾਸੀ ਦੀ ਧੀ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਲੋਕ ਹਿੱਤਾਂ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਦਾਸੀ ਨੇ ਆਪਣੀ ਕਲਮ ਨੂੰ ਹਥਿਆਰ ਵਾਂਗ ਵਰਤਦਿਆਂ ਹਕੂਮਤੀ ਜ਼ਬਰ ਖ਼ਿਲਾਫ਼ ਖੁੱਲ੍ਹ ਕੇ ਲਿਖਿਆ ਹੈ। ਉਨ੍ਹਾਂ ਆਪਣੇ ਪਿਤਾ ਦੇ ਅੰਦਾਜ਼ ਵਿੱਚ ਉਨ੍ਹਾਂ ਦਾ ਲਿਖਿਆ ਗੀਤ ਵੀ ਗਾਇਆ।ਇਸ ਮੌਕੇ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸੁਸਾਇਟੀ ਰਾਏਸਰ ਦੇ ਪ੍ਰਧਾਨ ਜਗਮੋਹਣ ਸ਼ਾਹ ਰਾਏਸਰ ਅਤੇ ਮਾਸਟਰ ਨਿਰਮਲ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਉਦਾਸੀ ਦੀਆਂ ਕਵਿਤਾਵਾਂ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹਨ। ਇਸ ਮੌਕੇ ਅਧਿਆਪਕਾ ਹਰਪ੍ਰੀਤ ਕੌਰ ਅਤੇ ਸਕੂਲੀ ਵਿਦਿਆਰਥੀਆਂ ਨੇ ਉਦਾਸੀ ਦੇ ਗੀਤ ਗਾਏ। ਇਸ ਮੌਕੇ ਮਾਸਟਰ ਕਲਭੂਸ਼ਨ ਮੈਨਨ, ਗੁਰਜੀਤ ਸਿੰਘ, ਬਲਵੀਰ ਸਿੰਘ ਧਾਲੀਵਾਲ, ਸੁਰਿੰਦਰ ਸ਼ਰਮਾ, ਰਣਧੀਰ ਸਿੰਘ, ਮਨਦੀਪ ਕੌਰ ਆਦਿ ਹਾਜ਼ਰ ਸਨ। ਮੰਚ ਸੰਚਾਲਨ ਸਿਮਨਜੀਤ ਕੌਰ ਨੇ ਕੀਤਾ।

Related Post