
13 ਅਫਸਰਾਂ ਦੇ 60 ਤੋਂ ਵੱਧ ਟਿਕਾਣਿਆਂ ਤੇ ਰੇਡ, ਬੇਹਿਸਾਬੀ ਜਾਇਦਾਦ ਮਿਲੀ
- by Jasbeer Singh
- March 28, 2024

ਕਰਨਾਟਕ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਲੋਕਾਯੁਕਤ ਨੇ ਬੁੱਧਵਾਰ ਨੂੰ ਰਾਜ ਸਰਕਾਰ ਦੇ 13 ਅਧਿਕਾਰੀਆਂ ਨਾਲ ਜੁੜੇ 60 ਤੋਂ ਵੱਧ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਅਤੇ 35.83 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਦਾ ਪਤਾ ਲਗਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੇਂਗਲੁਰੂ ਸ਼ਹਿਰ, ਉਡੁਪੀ, ਕਾਰਵਾਰ, ਮੰਡਯਾ, ਮੈਸੂਰ, ਕੋਡਾਗੂ, ਧਾਰਵਾੜ, ਬਿਦਰ, ਕੋਲਾਰ, ਵਿਜੇਪੁਰਾ, ਚਿੱਕਬੱਲਾਪੁਰਾ ਅਤੇ ਬੇਲਗਾਵੀ ਦੇ ਲੋਕਾਯੁਕਤ ਪੁਲਿਸ ਥਾਣਿਆਂ ਵਿੱਚ 13 ਸਰਕਾਰੀ ਅਧਿਕਾਰੀਆਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ 13 ਮਾਮਲੇ ਦਰਜ ਕੀਤੇ ਗਏ ਹਨ।ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਹੀ 62 ਤੋਂ ਵੱਧ ਥਾਵਾਂ ’ਤੇ ਸਬੰਧਤ ਮੁਲਜ਼ਮ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਦੇ ਘਰਾਂ, ਦਫ਼ਤਰਾਂ ਅਤੇ ਰਿਹਾਇਸ਼ਾਂ ਦੀ ਤਲਾਸ਼ੀ ਵੀ ਲਈ ਗਈ। ਕਰਨਾਟਕ ਲੋਕਾਯੁਕਤ ਵੱਲੋਂ ਜਾਰੀ ਬਿਆਨ ਮੁਤਾਬਕ ਇਨ੍ਹਾਂ ਅਧਿਕਾਰੀਆਂ ਨੇ 35.83 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਇਕੱਠੀ ਕੀਤੀ ਸੀ।