
ਆਪ ਸਰਕਾਰ ਦੇ ਖਿਲਾਫ ਸਾਜਿ਼ਸ਼ ਤਹਿਤ ਰੋਕੇ ਜਾ ਰਹੇ ਹਨ ਜਨਤਕ ਕੰਮ-ਮੇਜਰ ਮਲਹੋਤਰਾ
- by Jasbeer Singh
- July 27, 2024

ਆਪ ਸਰਕਾਰ ਦੇ ਖਿਲਾਫ ਸਾਜਿ਼ਸ਼ ਤਹਿਤ ਰੋਕੇ ਜਾ ਰਹੇ ਹਨ ਜਨਤਕ ਕੰਮ-ਮੇਜਰ ਮਲਹੋਤਰਾ ਪਟਿਆਲਾ : ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਬੁੱਧੀਜੀਵੀ ਵਿੰਗ ਦੇ ਸੂਬਾ ਪ੍ਰਧਾਨ ਮੇਜਰ ਆਰ ਪੀ ਐਸ਼ ਮਲਹੋਤਰਾ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਕੰਮ ਤੇਜ਼ੀ ਨਾਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਵਿਰੋਧੀ ਪਾਰਟੀਆਂ ਦੁਆਰਾ ਕੁੱਝ ਅਫ਼ਸਰਾਂ ਅਤੇ ਠੇਕੇਦਾਰਾਂ ਨਾਲ ਮਿਲ ਕੇ ਇੱਕ ਗਿਹਰੀ ਸਾਜਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਇੱਕ ਤਾਂ ਲੋਕ-ਹਿਤ ਦੇ ਕੰਮ ਨਹੀਂ ਕੀਤੇ ਜਾ ਰਹੇ ਅਤੇ ਜੇ ਕੀਤੇ ਵੀ ਜਾ ਰਹੇ ਹਨ ਤਾਂ ਕੰਮ ਬਹੁਤ ਹੀ ਧੀਮੀ ਗਤੀ ਨਾਲ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਪਰੇਸ਼ਾਨ ਕਰਕੇ ‘ਆਪ’ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਸੀ ਸਾਜ਼ਿਸ਼ ਦੇ ਤਹਿਤ ਹੋਰ ਕੰਮਾਂ ਦੇ ਇਲਾਵਾ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਸੜਕਾਂ ਪੁੱਟੀਆਂ ਪਈਆਂ ਹਨ ਅਤੇ ਨਹਿਰੀ ਪਾਣੀ ਨੂੰ ਇਕੱਠਾ ਕਰਣ ਲਈ ਬਣ ਰਹੀਆਂ ਕਈ ਟੈਂਕੀਆਂ ਅੱਜ ਦੋ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੂਰੇ ਹੋਣ ਦੇ ਨੇੜੇ ਵੀ ਨਹੀਂ ਹਨ ਅਤੇ ਕਈ ਥਾਵਾਂ ‘ਤੇ ਤਾਂ ਉਹਨਾਂ ਦੇ ਅਜੇ ਪਿੱਲਰ ਵੀ ਨਹੀਂ ਖੜੇ ਹੋਏ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਮ ਵਿੱਚ ਇਸ ਅੱਤ ਦੀ ਦੇਰੀ ਲਈ ਸੰਬਂਧਤ ਠੇਕੇਦਾਰਾਂ ਅਤੇ ਅਫਸਰਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ।