
ਗਰਮੀਆਂ ਦੇ ਮੱਦੇਨਜ਼ਰ ਖੁਰਾਕ ਵਸਤਾਂ ਦੇ ਵੱਧ ਤੋਂ ਵੱਧ ਸੈਂਪਲ ਭਰੇ ਜਾਣ: ਸੰਦੀਪ ਰਿਸ਼ੀ
- by Jasbeer Singh
- June 10, 2025

ਗਰਮੀਆਂ ਦੇ ਮੱਦੇਨਜ਼ਰ ਖੁਰਾਕ ਵਸਤਾਂ ਦੇ ਵੱਧ ਤੋਂ ਵੱਧ ਸੈਂਪਲ ਭਰੇ ਜਾਣ: ਸੰਦੀਪ ਰਿਸ਼ੀ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਸੰਗਰੂਰ, 10 ਜੂਨ : ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਖੁਰਾਕੀ ਵਸਤਾਂ, ਫਲਾਂ ਦੇ ਵੱਧ ਤੋਂ ਵੱਧ ਸੈਂਪਲ ਲੈਣੇ ਯਕੀਨੀ ਬਣਾਏ ਜਾਣ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਵੱਲੋਂ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਫ਼ੂਡ ਐਂਡ ਡਰਗ ਐਡਮਨਿਸਟਰੇਸ਼ਨ ਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੂਡ ਸੇਫਟੀ ਸਬੰਧੀ ਮਈ ਮਹੀਨੇ ਦੌਰਾਨ ਕਰੀਬ 32 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। 06 ਹਾਈ ਰਿਸਕ ਬੇਸਡ ਯੂਨਿਟਾਂ ਦੀ ਪੜਤਾਲ ਕੀਤੀ ਗਈ ਹੈ ਅਤੇ 06 ਕਿਲੋ ਦੇ ਕਰੀਬ ਦੇਸੀ ਘਿਓ, ਜਿਹੜਾ ਕਿ ਕਿਸੇ ਹੋਰ ਬ੍ਰਾਂਡ ਦੇ ਨਾਮ ਪੈਕ ਕੀਤਾ ਗਿਆ ਸੀ, ਜ਼ਬਤ ਕਰ ਕੇ ਜਾਂਚ ਲਈ ਸੈਂਪਲ ਭੇਜੇ ਗਏ ਹਨ ਅਤੇ ਇਸ ਸਬੰਧੀ ਹੋਰ ਲੋੜੀਂਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਫ਼ੂਡ ਐਂਡ ਡਰਗ ਐਡਮਨਿਸਟਰੇਸ਼ਨ ਬਾਬਤ 57 ਲਾਇਸੈਂਸ ਜਾਰੀ ਕਰਨ ਦੇ ਨਾਲ-ਨਾਲ 103 ਰਜਿਸਟਰੇਸ਼ਨਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਾਰੀਆਂ ਆਂਗਣਵਾੜੀਆਂ ਦੀ ਰਜਿਸਟਰੇਸ਼ਨ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ (ਫੂਡ) ਅਦਿਤੀ ਗੁਪਤਾ, ਡੀ.ਆਈ.ਓ. ਡਾ. ਅੰਜੂ ਸਿੰਗਲਾ, ਖੁਰਾਕ ਸੁਰੱਖਿਆ ਅਫ਼ਸਰ ਚਰਨ ਸਿੰਘ, ਡੀ. ਐੱਸ.ਪੀ. ਤੇਜਿੰਦਰ ਸਿੰਘ, ਡੀ.ਈ.ਓ. (ਸੈਕੰਡਰੀ) ਤਰਵਿੰਦਰ ਕੌਰ, ਸੀ.ਡੀ.ਪੀ.ਓ. ਸਾਰੂ ਰਾਣਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।