ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਮਾਨਸਿਕ ਸਿਹਤ ਜਾਗਰੂਕਤਾ ਸੰਬੰਧੀ ਸੈਮੀਨਾਰ
- by Jasbeer Singh
- October 23, 2024
ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਮਾਨਸਿਕ ਸਿਹਤ ਜਾਗਰੂਕਤਾ ਸੰਬੰਧੀ ਸੈਮੀਨਾਰ -ਮਾਨਸਿਕ ਸਿਹਤ ਸਮੱਸਿਆਵਾਂ ਬਾਰੇ ਹਿਚਕਚਾਹਟ ਖਤਮ ਕਰਨ ਦੀ ਲੋੜ: ਪ੍ਰੋ. ਪ੍ਰੋਮਿਲਾ ਬੱਤਰਾ -ਦੋਸਤਾਂ ਨਾਲ਼ ਨਿਰੰਤਰ ਰਾਬਤੇ ਵਿੱਚ ਰਹਿਣਾ ਵੀ ਕਰਦਾ ਹੈ ਥੈਰੇਪੀ ਵਾਂਗ ਕਾਰਜ: ਡਾ. ਪੁਨੀਤ ਫੁਲ ਪਟਿਆਲਾ, 23 ਅਕਤੂਬਰ : ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਮਹੀਨੇ ਦੇ ਸੰਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਐੱਮ. ਡੀ. ਯੂਨੀਵਰਸਿਟੀ, ਰੋਹਤਕ ਦੇ ਮਨੋਵਿਗਿਆਨ ਵਿਭਾਗ ਤੋਂ ਸਾਬਕਾ ਮੁਖੀ ਪ੍ਰੋ. ਪ੍ਰੋਮਿਲਾ ਬੱਤਰਾ ਅਤੇ ਪਟਿਆਲਾ ਦੇ ਫੁਲ ਨਿਊਰੋ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਤੋਂ ਡਾ. ਪੁਨੀਤ ਫੁਲ ਨੇ ਮਾਹਿਰ ਵਜੋਂ ਆਪਣੇ ਵਿਚਾਰ ਪ੍ਰਗਟਾਏ । ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਜ਼ਿੰਦਗੀ ਗੁੰਝਲ਼ਦਾਰ ਹੋ ਗਈ ਹੈ ਤਾਂ ਮਾਨਸਿਕ ਸਿਹਤ ਨਾਲ਼ ਜੁੜੀਆਂ ਸਮੱਸਿਆਵਾਂ ਵਿੱਚ ਵਾਧਾ ਹੋ ਰਿਹਾ ਹੈ । ਅਜਿਹੀ ਸਥਿਤੀ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਬਣ ਗਈ ਹੈ । ਪ੍ਰੋ. ਪ੍ਰੋਮਿਲਾ ਬੱਤਰਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਵਿਦਿਆਰਥੀ ਜ਼ਿੰਦਗੀ ਨਾਲ਼ ਜੁੜੇ ਵੱਖ-ਵੱਖ ਤਣਾਵਾਂ ਦੇ ਹਵਾਲੇ ਨਾਲ਼ ਕੀਤੀ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਦੱਸੇ । ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਿਲੀ ਭਾਵਾਂ ਨੂੰ ਦਿਲ ਵਿੱਚ ਦਬਾ ਲੈਣਾ ਸਿਰਫ਼ ਮਾਨਸਿਕ ਸਿਹਤ ਲਈ ਹੀ ਖਤਰਨਾਕ ਨਹੀਂ ਹੁੰਦਾ ਬਲਕਿ ਇਹ ਸਾਡੇ ਅੰਦਰ ਬਿਮਾਰੀਆਂ ਨਾਲ਼ ਲੜਨ ਦੀ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਜਿਸ ਕਾਰਨ ਬਹੁਤ ਸਾਰੀਆਂ ਸਰੀਰਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਨਾਲ਼ ਸੰਬੰਧਤ ਮਿੱਥਾਂ ਅਤੇ ਟੈਬੂਆਂ ਨੂੰ ਤੋੜਨ ਦੀ ਲੋੜ ਹੈ। ਜਦ ਵੀ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਇਸ ਬਾਰੇ ਆਪਣੇ ਨੇੜਲਿਆਂ ਅਤੇ ਲੋੜ ਪੈਣ ਉੱਤੇ ਮਾਨਸਿਕ ਸਿਹਤ ਮਾਹਿਰਾਂ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਤਕਰੀਬਨ ਹਰ ਕੋਈ ਕਰਦਾ ਹੈ ਪਰ ਇਨ੍ਹਾਂ ਸਮੱਸਿਆਵਾਂ ਨਾਲ਼ ਨਜਿੱਠਣ ਦਾ ਢੰਗ ਹਰੇਕ ਦਾ ਵੱਖਰਾ ਹੁੰਦਾ ਹੈ । ਡਾ. ਪੁਨੀਤ ਫੁੱਲ ਨੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਅੰਕੜਿਆਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਦੱਸਿਆ ਕਿ ਮਾਨਸਿਕ ਸਿਹਤ ਨਾਲ਼ ਸੰਬੰਧਤ ਸਮੱਸਿਆਵਾਂ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ । ਵੀਹ ਸਾਲ ਬਾਅਦ ਸੰਸਾਰ ਵਿੱਚ ਸਭ ਤੋਂ ਵਧੇਰੇ ਮੌਤਾਂ ਹੋਣ ਦਾ ਕਾਰਨ ਮਾਨਸਿਕ ਸਿਹਤ ਨਾਲ਼ ਜੁੜੀਆਂ ਸਮੱਸਿਆਵਾਂ ਹੀ ਹੋਣਗੀਆਂ । ਉਨ੍ਹਾਂ ਕਿਹਾ ਕਿ ਜਿਵੇਂ ਕੋਈ ਵੀ ਸਰੀਰਿਕ ਬਿਮਾਰੀ ਦੇ ਇਲਾਜ ਲਈ ਡਾਕਟਰ ਕੋਲ਼ ਜਾਣ ਦੀ ਜ਼ਰੂਰਤ ਹੁੰਦੀ ਹੈ ਬਿਲਕੁਲ ਉਸੇ ਤਰ੍ਹਾਂ ਮਾਨਸਿਕ ਸਿਹਤ ਨਾਲ਼ ਜੁੜੀ ਸਮੱਸਿਆ ਲਈ ਸੰਬੰਧਤ ਮਾਹਿਰ ਕੋਲ਼ ਜਾਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਤੋਂ ਬਾਹਰ ਆ ਕੇ ਚੰਗੇ ਮਿੱਤਰ ਦੋਸਤ ਚੁਣਨੇ ਚਾਹੀਦੇ ਹਨ ਜਿਨ੍ਹਾਂ ਨਾਲ਼ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਜਾ ਸਕਣ । ਦੋਸਤਾਂ ਨਾਲ਼ ਨਿਰੰਤਰ ਰਾਬਤੇ ਵਿੱਚ ਰਹਿਣਾ ਵੀ ਇੱਕ ਥੈਰੇਪੀ ਵਾਂਗ ਕੰਮ ਕਰਦਾ ਹੈ । ਇਸ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀ ਕੌਂਸਲਿੰਗ ਕੇਂਦਰ ਤੋਂ ਕੌਂਸਲਰ ਡਾ. ਰੂਬੀ ਗੁਪਤਾ ਨੇ ਵੀ ਮਾਨਸਿਕ ਸਿਹਤ ਦੇ ਹਵਾਲੇ ਨਾਲ਼ ਅਹਿਮ ਟਿੱਪਣੀਆਂ ਕੀਤੀਆਂ । ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਪਿਛਲੇ ਦਿਨੀਂ ਕਰਵਾਏ ਗਏ ਚਿੱਤਰਕਾਰੀ ਅਤੇ ਫ਼ੋਟੋਗਰਾਫ਼ੀ ਮੁਕਾਬਿਲਆਂ ਵਿੱਚ ਜੇਤੂ ਰਹੇ ਹੋਸਟਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.