 
                                             ਪਾਣੀ ਬਚਾਉਣ ਅਤੇ ਆਲੂ ਦੀ ਉਤਪਾਦਕਤਾ ਵਧਾਉਣ ਲਈ ਸੂਖਮ ਸਿੰਚਾਈ ਕਾਮਯਾਬ : ਬਰਿੰਦਰ ਕੁਮਾਰ ਗੋਇਲ
- by Jasbeer Singh
- October 1, 2025
 
                              ਪਾਣੀ ਬਚਾਉਣ ਅਤੇ ਆਲੂ ਦੀ ਉਤਪਾਦਕਤਾ ਵਧਾਉਣ ਲਈ ਸੂਖਮ ਸਿੰਚਾਈ ਕਾਮਯਾਬ : ਬਰਿੰਦਰ ਕੁਮਾਰ ਗੋਇਲ ਮੋਹਾਲੀ ਵਿਖੇ ਆਲੂ ਦੀ ਕਾਸ਼ਤ ਵਿੱਚ ਸੂਖਮ ਸਿੰਚਾਈ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਪੱਧਰੀ ਵਰਕਸ਼ਾਪ ਦਾ ਉਦਘਾਟਨ ਅੱਪਗ੍ਰੇਡ ਅਤੇ ਨਵੀਨੀਕਰਨ ਕੀਤੇ ਆਡੀਟੋਰੀਅਮ ਦਾ ਉਦਘਾਟਨ ਕੀਤਾ ਟੈਂਡਰਾਂ ਦੀ ਸਮੇਂ ਸਿਰ ਪ੍ਰਵਾਨਗੀ ਲਈ ਈ-ਅਪਰੂਵਲ ਪੋਰਟਲ ਜਾਰੀ ਕੀਤਾ ਭਗਵੰਤ ਸਿੰਘ ਮਾਨ ਸਰਕਾਰ ਦੀ ਸਿੰਚਾਈ ਲਈ 100 ਪ੍ਰਤੀਸ਼ਤ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਅਕਤੂਬਰ 2025 : ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇੱਥੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਤੇਜ਼ੀ ਨਾਲ ਘੱਟ ਰਹੇ ਭੂਮੀਗਤ ਪਾਣੀ ਦੇ ਸਰੋਤਾਂ ਨੂੰ ਬਚਾਉਣ ਅਤੇ ਫਸਲ ਉਤਪਾਦਕਤਾ ਨੂੰ ਵਧਾਉਣ ਲਈ, ਖਾਸ ਕਰਕੇ ਆਲੂ ਦੀ ਕਾਸ਼ਤ ਵਿੱਚ, ਸੂਖਮ ਸਿੰਚਾਈ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ । ਮੋਹਾਲੀ ਦੇ ਫੇਜ਼ 6 ਦੇ ਭੂਮੀ ਸੰਭਾਲ ਕੰਪਲੈਕਸ ਵਿਖੇ ਆਲੂ ਦੀ ਕਾਸ਼ਤ ਵਿੱਚ ਸੂਖਮ ਸਿੰਚਾਈ ਨੂੰ ਉਤਸ਼ਾਹਿਤ ਕਰਨ ਬਾਰੇ ਇੱਕ ਰੋਜ਼ਾ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਖਮ ਸਿੰਚਾਈ - ਜਿਸ ਵਿੱਚ ਤੁਪਕਾ ਅਤੇ ਫੁਹਾਰਾ ਪ੍ਰਣਾਲੀਆਂ ਸ਼ਾਮਲ ਹਨ - ਨਾ ਸਿਰਫ਼ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਨੂੰ ਯਕੀਨੀ ਬਣਾਉਂਦੀਆਂ ਹਨ ਬਲਕਿ ਖਾਦਾਂ ਅਤੇ ਕੀਟਨਾਸ਼ਕਾਂ ਦੀ ਸਿੱਧੇ ਤੌਰ 'ਤੇ ਫ਼ਸਲ ਦੇ ਜੜ੍ਹ ਖੇਤਰ ਵਿੱਚ ਕੁਸ਼ਲ ਵਰਤੋਂ ਨੂੰ ਵੀ ਸਮਰੱਥ ਬਣਾਉਂਦੀਆਂ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਣਾਲੀਆਂ ਨੂੰ ਅਪਣਾਉਣ ਨਾਲ ਕਿਸਾਨਾਂ ਨੂੰ 50% ਤੱਕ ਪਾਣੀ ਦੀ ਬਚਤ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਨਾਲ ਹੀ ਪ੍ਰਤੀ ਏਕੜ ਝਾੜ ਅਤੇ ਉਪਜ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ । ਆਲੂ ਉਤਪਾਦਨ ਵਿੱਚ ਪੰਜਾਬ ਦੀ ਤਾਕਤ ਨੂੰ ਉਜਾਗਰ ਕਰਦੇ ਹੋਏ ਗੋਇਲ ਨੇ ਕਿਹਾ ਕਿ ਦੇਸ਼ ਦੇ ਵਧੀਆ ਗੁਣਵੱਤਾ ਵਾਲੇ ਬੀਜ ਆਲੂ ਦੇ ਰੂਪ ਵਿੱਚ ਰਾਜ ਆਪਣੇ ਉਤਪਾਦਨ ਦਾ ਲਗਭਗ 60 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ । ਸੂਖਮ ਸਿੰਚਾਈ ਆਕਾਰ ਵਿੱਚ ਇਕਸਾਰਤਾ ਬਣਾਈ ਰੱਖਣ, ਗਰੇਡਿੰਗ ਲਾਗਤਾਂ ਨੂੰ ਘਟਾਉਣ ਅਤੇ ਉਪਜ ਦੀ ਬਿਹਤਰ ਮਾਰਕੀਟ ਸਵੀਕ੍ਰਿਤੀ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ,” ਉਨ੍ਹਾਂ ਅੱਗੇ ਕਿਹਾ । ਉਨ੍ਹਾਂ ਕਿਹਾ ਕਿ ਸੂਖਮ ਸਿੰਚਾਈ ਪ੍ਰਣਾਲੀ ਦੀ ਲਗਵਾਉਣ ਲਈ, ਪੰਜਾਬ ਸਰਕਾਰ ਆਮ ਸ਼੍ਰੇਣੀ ਲਈ 80 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕਰਦੀ ਹੈ ਜਦੋਂ ਕਿ ਔਰਤਾਂ, ਛੋਟੇ, ਸੀਮਾਂਤ ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ 90 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਦਿੱਤੀ ਜਾਂਦੀ ਹੈ । ਬਿਨੇ ਕਰਨਾ ਪੂਰੀ ਤਰ੍ਹਾਂ ਔਨਲਾਈਨ ਹੈ ਅਤੇ ਕਿਸਾਨ ਆਪਣੇ ਘਰ ਤੋਂ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ । ਮੰਤਰੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਈ ਪਹਿਲਕਦਮੀਆਂ ਰਾਹੀਂ ਪਾਣੀ ਦੀ ਸੰਭਾਲ ਲਈ ਵਚਨਬੱਧ ਹੈ । ਪੰਜਾਬ ਵਿੱਚ ਨਹਿਰੀ ਸਿੰਚਾਈ ਕਵਰੇਜ ਪਹਿਲਾਂ ਹੀ 21% ਤੋਂ ਵਧਾ ਕੇ 64% ਕਰ ਦਿੱਤੀ ਗਈ ਹੈ ਅਤੇ ਬਾਕੀ 36 % ਖੇਤਰ ਨੂੰ ਵੀ ਜਲਦੀ ਹੀ ਨਹਿਰੀ ਸਿੰਚਾਈ ਅਧੀਨ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ, "ਨਹਿਰੀ ਪਾਣੀ ਨਾ ਸਿਰਫ ਭੂਮੀਗਤ ਪਾਣੀ ਦਾ ਇੱਕ ਟਿਕਾਊ ਬਦਲ ਹੈ ਬਲਕਿ ਮਹੱਤਵਪੂਰਨ ਖਣਿਜਾਂ ਅਤੇ ਸੂਖਮ ਪੌਸ਼ਟਿਕ ਤੱਤਾਂ ਨਾਲ ਮਿੱਟੀ ਦੀ ਸਿਹਤ ਨੂੰ ਵੀ ਭਰਪੂਰ ਬਣਾਉਂਦਾ ਹੈ । ਭੂਮੀ ਅਤੇ ਜਲ ਸੰਭਾਲ ਮੰਤਰੀ ਗੋਇਲ ਨੇ ਇਸ ਮੌਕੇ ਇੱਕ ਈ-ਅਪਰੂਵਲ ਪੋਰਟਲ ਵੀ ਲਾਂਚ ਕੀਤਾ ਤਾਂ ਜੋ ਸੂਖਮ ਸਿੰਚਾਈ ਟੈਂਡਰ ਪ੍ਰਣਾਲੀ ਵਿੱਚ ਹਿੱਸਾ ਲੈਣ ਵਾਲੇ ਠੇਕੇਦਾਰਾਂ/ਫਰਮਾਂ ਨੂੰ ਸਮਾਂਬੱਧ ਸਹੂਲਤ ਦਿੱਤੀ ਜਾ ਸਕੇ । ਉਨ੍ਹਾਂ ਵਰਕਸ਼ਾਪ ਸ਼ੁਰੂ ਹੋਣ ਤੋਂ ਪਹਿਲਾਂ ਆਡੀਟੋਰੀਅਮ ਦੀ ਅਪਗ੍ਰੇਡ ਅਤੇ ਨਵੀਨੀਕਰਨ ਕੀਤੀ ਇਮਾਰਤ ਦਾ ਉਦਘਾਟਨ ਵੀ ਕੀਤਾ । ਵਰਕਸ਼ਾਪ ਵਿੱਚ ਕਿਸਾਨਾਂ, ਮਾਹਿਰਾਂ, ਸੂਖਮ ਸਿੰਚਾਈ ਉਪਕਰਣ ਨਿਰਮਾਤਾਵਾਂ ਅਤੇ ਖਰੀਦ ਏਜੰਸੀਆਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕੇਂਦਰੀ ਆਲੂ ਖੋਜ ਸੰਸਥਾ, ਸਬਜ਼ੀਆਂ ਲਈ ਉੱਤਮਤਾ ਕੇਂਦਰ ਕਰਤਾਰਪੁਰ, ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਅਤੇ ਖੇਤੀਬਾੜੀ, ਬਾਗਬਾਨੀ ਅਤੇ ਜਲ ਸਰੋਤ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ । ਪੰਜਾਬ ਦੇ ਮੁੱਖ ਭੂਮੀ ਵਣਪਾਲ ਸ੍ਰੀ ਮਹਿੰਦਰ ਸਿੰਘ ਸੈਣੀ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਭੂਮੀ ਅਤੇ ਜਲ ਸਰੋਤਾਂ ਦੀ ਸੰਭਾਲ ਵਿੱਚ ਵਿਭਾਗ ਦੀ ਭੂਮਿਕਾ ਬਾਰੇ ਸੰਖੇਪ ਜਾਣਕਾਰੀ ਦਿੱਤੀ । ਸ਼ਲਿੰਦਰ ਕੌਰ, ਡਾਇਰੈਕਟਰ, ਬਾਗਬਾਨੀ ਵਿਭਾਗ, ਪੰਜਾਬ ਨੇ ਹਾਜ਼ਰੀਨ ਨੂੰ ਆਲੂ ਦੀ ਕਾਸ਼ਤ ਅਤੇ ਇਸ ਵਿੱਚ ਸੂਖਮ ਸਿੰਚਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                          
 
                      
                      
                      
                      
                     