ਵਿਧਾਇਕ ਜੌੜਾਮਾਜਰਾ ਨੇ ਸੌਂਪੀ ਮੁਆਵਜ਼ਾ ਰਾਸ਼ੀ ਘੱਗਰ ਦੀ ਮਾਰ ਹੇਠ ਆਏ ਪਿਡ ਧਰਮਹੇੜੀ ਤੇ ਸੱਸਾਂਗੁੱਜਰਾਂ ਦੇ 280 ਲਾਭਪਾਤਰੀਆਂ ਨੂੰ ਸੌਂਪੀ ਗਈ 1. 61 ਕਰੋੜ ਦੀ ਮੁਆਵਜ਼ਾ ਰਾਸ਼ੀ : ਜੌੜਾਮਾਜਰਾ -ਮਿਸ਼ਨ ਚੜ੍ਹਦੀਕਲਾ ਤਹਿਤ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪੰਜਾਬ ਸਰਕਾਰ ਨੇ ਦੇਸ਼ ‘ਚ ਸਭ ਤੋਂ ਜਿਆਦਾ ਵੰਡੀ ਮੁਆਵਜ਼ਾ ਰਾਸ਼ੀ : ਚੇਤਨ ਸਿੰਘ ਜੌੜਾਮਾਜਰਾ ਸਮਾਣਾ, 3 ਨਵੰਬਰ 2025 : ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਪਣੇ ਹਲਕੇ ਦੇ ਘੱਗਰ ਦੀ ਮਾਰ ਹੇਠ ਆਏ ਦੋ ਪਿੰਡਾਂ ਸੱਸਾ ਗੁੱਜਰਾਂ ਅਤੇ ਧਰਮਹੇੜੀ ਦੇ 280 ਲਾਭਪਾਤਰੀਆਂ ਨੂੰ 1.61 ਕਰੋੜ ਦੀ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਦੇ ਪੱਤਰ ਸੌਂਪੇ । ਉਨ੍ਹਾਂ ਦੇ ਨਾਲ ਐਸ. ਡੀ. ਐਮ. ਪਟਿਆਲਾ ਹਰਜੋਤ ਕੌਰ ਸਮੇਤ ਤੇ ਗੁਰਦੇਵ ਸਿੰਘ ਟਿਵਾਣਾ, ਤਹਿਸੀਲਦਾਰ ਕਰਨਵੀਰ ਸਿੰਘ ਭੁੱਲਰ ਸਮੇਤ ਹੋਰ ਪਤਵੰਤੇ ਮੌਜੂਦ ਸਨ । ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਾਰਦਰਸ਼ੀ ਢੰਗ ਨਾਲ ਆਨਲਾਈਨ ਗਿਰਦਾਵਰੀ ਕਰਵਾ ਕੇ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਹੀ ਮੁਆਵਜੇ ਦੀ ਰਾਸ਼ੀ ਪਹਿਲੇ ਪੜਾਅ ਹੇਠ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨ ਤੇ ਪੰਜਾਬ ਵਾਸੀਆਂ ਦੇ ਹਿਤਾਇਸ਼ੀ ਬਣਕੇ ਸਾਹਮਣੇ ਆਏ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ 20 ਹਜ਼ਾਰ ਰੁਪਏ ਦਿੱਤਾ ਹੈ। ਜਦੋਂ ਕਿ ਕੇਂਦਰ ਸਰਕਾਰ ਕੇਵਲ 5000 ਰੁਪਏ ਹੀ ਦਿੰਦੀ ਸੀ । ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪਿੰਡ ਧਰਮਹੇੜੀ ਦੇ ਕੁਲ 185 ਲਾਭਪਾਤਰੀਆਂ ਨੂੰ 1 ਕਰੋੜ 6 ਲੱਖ 80 ਹਜ਼ਾਰ ਰੁਪਏ ਅਤੇ ਪਿੰਡ ਸੱਸਾ ਗੁੱਜਰਾਂ ਦੇ 95 ਲਾਭਪਾਤਰੀਆਂ ਨੂੰ 54 ਲੱਖ 38 ਹਜਾਰ ਰੁਪਏ ਦੀ ਮੁਆਵਜੇ ਦੀ ਰਾਸ਼ੀ ਵੰਡੀ ਗਈ ਹੈ । ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਦੂਜੇ ਪਾਸੇ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਪਰੰਤੂ ਪੰਜਾਬ ਹੜ੍ਹ ਨਾਲ ਬੁਰੀ ਤਰ੍ਹਾਂ ਝੰਭਿਆ ਹੋਇਆ ਪਰ ਫੇਰ ਵੀ ਬਿਨ੍ਹਾਂ ਕੇਂਦਰੀ ਮਦਦ ਦੇ ਹੜ੍ਹਾਂ ਦੇ ਝੰਬੇ ਲੋਕਾਂ ਲਈ ਮਿਸ਼ਨ ਚੜ੍ਹਦੀਕਲਾ ਬਣਾ ਕੇ ਰੰਗਲਾ ਪੰਜਾਬ ਰਾਹੀਂ ਫੰਡ ਇਕੱਠੇ ਕਰਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤ ਜਮੀਨ ਦੇ ਕਿਸਾਨਾਂ ਲਈ ਮੁਫ਼ਤ ਕਣਕ ਦਾ ਬੀਜ ਦੇਣ ਸਮੇਤ ਹੋਰ ਵੀ ਕਈ ਅਹਿਮ ਫੈਸਲੇ ਕੀਤੇ, ਜਿਵੇਂ ਕਿ ਜਿਸ ਦਾ ਖੇਤ, ਉਸਦੀ ਰੇਤ ਅਤੇ ਪਸ਼ੂਆਂ ਤੇ ਨਾਗਰਿਕਾਂ ਲਈ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ । ਇਸ ਮੌਕੇ ਕੁਲਜੀਤ ਸਿੰਘ ਰੰਧਾਵਾ, ਸਰਪੰਚ ਵਰਿੰਦਰ ਸਿੰਘ, ਸਰਪੰਚ ਰਵੀ ਕੁਮਾਰ, ਮੇਵਾ ਰਾਮ ਅਤੇ ਗੁਰਪ੍ਰੀਤ ਸਿੰਘ ਤੇ ਪਿੰਡਾਂ ਦੇ ਪੰਚ-ਸਰਪੰਚ ਤੇ ਹੋਰ ਪਤਵੰਤੇ ਮੌਜੂਦ ਸਨ ।ਹਿਸੀਲਦਾਰ ਕਰਨਵੀਰ ਭੁੱਲਰ ਵੀ ਨਜ਼ਰ ਆ ਰਹੇ ਹਨ।

