July 6, 2024 00:55:06
post

Jasbeer Singh

(Chief Editor)

Latest update

ਮੋਗਾ ਅਦਾਲਤ ਵੱਲੋਂ ਈ-ਸਿਗਰਟ ਵਿਕਰੇਤਾ ਨੂੰ 3 ਸਾਲ ਦੀ ਕੈਦ

post-img

ਸਥਾਨਕ ਚੀਫ਼ ਜੁਡੀਸ਼ਲ ਮੈਜਿਸਟਰੇਟ ਸ਼ਿਲਪੀ ਗੁਪਤਾ ਦੀ ਅਦਾਲਤ ਨੇ ਈ-ਸਿਗਰਟ ਵਿਕਰੇਤਾ ਨੂੰ ਡਰੱਗ ਐਂਡ ਕੌਸਮੈਟਿਕ ਐਕਟ 1940 ਦੀਆਂ ਧਰਾਵਾਂ ਤਹਿਤ 3 ਸਾਲ ਦੀ ਕੈਦ ਤੇ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਜੁਰਮਾਨਾ ਅਦਾ ਨਾ ਕਰਨ ਉੱਤੇ ਦੋਸ਼ੀ ਨੂੰ 2 ਮਹੀਨੇ ਹੋਰ ਕੈਦ ਕੱਟਣੀ ਪਵੇਗੀ। ਡਰੱਗ ਇੰਸਪੈਕਟਰ ਨਵਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿਵਲ ਸਰਜਨ ਦੇ ਨਿਰਦੇਸ਼ਾਂ ਤਹਿਤ ਤਤਕਾਲੀ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਦੀ ਅਗਵਾਈ ਹੇਠ ਸਥਾਨਕ ਪੁਲੀਸ ਦੇ ਸਹਿਯੋਗ ਨਾਲ 10 ਜਨਵਰੀ 2023 ਨੂੰ ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਹਰਬੰਸ ਪਾਨ ਫਰੋਸ਼ ਚਲਾ ਰਹੇ ਸੁਨੀਲ ਮੌਂਗਾ ਦੀ ਦੁਕਾਨ ਉੱਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿਚ ਈ-ਸਿਗਰਟ ਬਰਾਮਦ ਕੀਤੀ ਗਈ ਸੀ। ਈ-ਸਿਗਰਟ ਦਾ ਸਰਕਾਰੀ ਲੈਬਾਰਟਰੀ ਵਿਚੋਂ ਨਮੂਨਾਂ ਜਾਂਚ ਕਰਵਾਇਆ ਤਾਂ ਉਸ ਵਿਚੋਂ ਨਿਕੋਟੀਨ ਨਾ ਦੇ ਨਸ਼ੀਲਾ ਪਦਾਰਥ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸਥਾਨਕ ਅਦਾਲਤ ਵਿੱਚ 9 ਜੂਨ 2023 ਨੂੰ ਲੈਬਾਰਟਰੀ ਦੀ ਰਿਪੋਰਟ ਆਉਣ ਉੱਤੇ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਚੀਫ਼ ਜੁਡੀਸ਼ਲ ਮੈਜਿਸਟਰੇਟ ਸ਼ਿਲਪੀ ਗੁਪਤਾ ਦੀ ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾ ਦੀਆਂ ਦਲੀਲਾਂ ਸੁਣਨ ਅਤੇ ਤੱਥਾਂ ਨੂੰ ਵਾਚਣ ਮਗਰੋਂ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਡਰੱਗ ਐਂਡ ਕੌਸਮੈਟਿਕ ਐਕਟ 1940 ਦੀ ਧਾਰਾ 27 ਬੀ-2 ਤਹਿਤ 3 ਸਾਲ ਦੀ ਕੈਦ ਤੇ ਇੱਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਅਦਾ ਨਾ ਕਰਨ ਉੱਤੇ ਦੋਸ਼ੀ ਨੂੰ 2 ਮਹੀਨੇ ਹੋਰ ਕੈਦ ਕੱਟਣੀ ਪਵੇਗੀ। ਇਸੇ ਤਰ੍ਹਾਂ ਧਾਰਾ 27 ਡੀ ਤਹਿਤ 2 ਸਾਲ ਦੀ ਕੈਦ ਤੇ 25 ਹਜ਼ਾਰ ਜੁਰਮਾਨਾ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਇੱਕ ਮਹੀਨੇ ਦੀ ਵਾਧੂ ਕੈਦ ਅਤੇ ਧਾਰਾ 28 ਤਹਿਤ 1 ਸਾਲ ਦੀ ਕੈਦ ਦਾ ਹੁਕਮ ਸੁਣਾਇਆ ਗਿਆ ਹੈ। ਸਿਹਤ ਮਾਹਰਾਂ ਮੁਤਾਬਕ ਤੰਬਾਕੂ ਵਿਚ ਨਿਕੋਟੀਨ ਨਾਂ ਦੀ ਨਸ਼ੀਲੀ ਚੀਜ਼ ਪਾਈ ਜਾਂਦੀ ਹੈ। ਇਸ ਦਾ ਅਸਰ ਸਰੀਰ ’ਤੇ ਦੋ ਤਰੀਕਿਆਂ ਨਾਲ ਪੈਂਦਾ ਹੈ। ਇਸ ਨਸ਼ੇ ਨਾਲ ਜਾਂ ਤਾਂ ਇਨਸਾਨ ਦੇ ਅੰਦਰ ਚੁਸਤੀ-ਫੁਰਤੀ ਆ ਜਾਂਦੀ ਹੈ ਜਾਂ ਉਹ ਨਿਰਾਸ਼ਾ ਵਿਚ ਡੁੱਬ ਜਾਂਦਾ ਹੈ। ਸਿਗਰਟ ਪੀਣ ਨਾਲ ਨਿਕੋਟੀਨ ਦਿਮਾਗ ਨੂੰ ਜਲਦੀ ਅਤੇ ਲਗਾਤਾਰ ਪਹੁੰਚਦੀ ਹੈ।

Related Post