ਅਦਾਇਗੀ ਵਜੋਂ ਕਿਸਾਨਾਂ ਦੇ ਖਾਤਿਆਂ ’ਚ 22000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਮ੍ਹਾਂ : ਲਾਲ ਚੰਦ ਕਟਾਰੂਚੱਕ
- by Jasbeer Singh
- November 6, 2024
ਅਦਾਇਗੀ ਵਜੋਂ ਕਿਸਾਨਾਂ ਦੇ ਖਾਤਿਆਂ ’ਚ 22000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਮ੍ਹਾਂ : ਲਾਲ ਚੰਦ ਕਟਾਰੂਚੱਕ ਇੱਕ ਦਿਨ ਵਿੱਚ 6.18 ਐਲ.ਐਮ.ਟੀ. ਝੋਨੇ ਦੀ ਰਿਕਾਰਡ ਚੁਕਾਈ ਕੀਤੀ ; ਮੰਡੀਆਂ ‘ਚ ਪੁੱਜੇ 111 ਐਲ. ਐਮ. ਟੀ. ਝੋਨੇ ਚੋਂ 105 ਐਲ. ਐਮ. ਟੀ. ਦੀ ਹੋਈ ਖ਼ਰੀਦ ਪੰਜਾਬ ਸਰਕਾਰ ਦਾ 6ਵਾਂ ਸਫ਼ਲ ਖਰੀਦ ਸੀਜ਼ਨ ਚੰਡੀਗੜ੍ਹ, 6 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਸਾਰੇ ਭਾਈਵਾਲਾਂ- ਮਿੱਲਰ, ਕਿਸਾਨ, ਆੜ੍ਹਤੀਏ ਅਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦਾ ਮੌਜੂਦਾ ਖ਼ਰੀਦ ਸੀਜ਼ਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ । ਇਹ, ਇਸ ਤੱਥ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਕਿਸਾਨਾਂ ਦੇ ਖਾਤਿਆਂ ਵਿੱਚ 22,047 ਕਰੋੜ ਰੁਪਏ ਬਤੌਰ ਅਦਾਇਗੀ ਜਮ੍ਹਾਂ ਕਰਵਾ ਦਿੱਤੇ ਗਏ ਹਨ ਅਤੇ ਮੰਡੀਆਂ ਵਿੱਚ ਪੁੱਜੇ 111 ਲੱਖ ਮੀਟ੍ਰਿਕ ਟਨ ਝੋਨੇ ਵਿੱਚੋਂ 105 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ । ਚੁਕਾਈ ਦੇ ਪੱਖ ਤੋਂ, ਕੱਲ੍ਹ 6.18 ਲੱਖ ਮੀਟਰਕ ਟਨ ਝੋਨੇ ਦੀ ਚੁਕਾਈ ਕੀਤੀ ਗਈ, ਜੋ ਕਿ ਇੱਕ ਦਿਨ ਦੀ ਚੁਕਾਈ ਦੇ ਲਿਹਾਜ਼ ਨਾਲ ਇੱਕ ਇਤਿਹਾਸਕ ਪ੍ਰਾਪਤੀ ਹੈ ਅਤੇ ਹੁਣ ਤੱਕ ਕੁੱਲ ਚੁਕਾਈ 64,55,000 ਲੱਖ ਮੀਟਰਿਕ ਟਨ ਹੈ ਜੋ ਲਗਭਗ 62 ਫੀਸਦ ਦੇ ਕਰੀਬ ਬਣਦੀ ਹੈ । ਅੱਜ ਇੱਥੇ ਅਨਾਜ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸੂਬੇ ਦੀਆਂ 5086 ਚੌਲ ਮਿੱਲਾਂ ਵਿੱਚੋਂ 4792 ਨੇ ਅਲਾਟਮੈਂਟ ਲਈ ਅਰਜ਼ੀਆਂ ਦਿੱਤੀਆਂ ਸਨ ਅਤੇ 4579 ਮਿੱਲਾਂ ਨੂੰ ਅਲਾਟਮੈਂਟ ਹੋ ਗਈ ਹੈ ,ਜੋ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਮੌਜੂਦਾ ਰਾਜ ਸਰਕਾਰ ਦਾ ਇਹ 6ਵਾਂ ਖ਼ਰੀਦ ਸੀਜ਼ਨ ਵੀ ਬਹੁਤ ਸਫ਼ਲ ਸਿੱਧ ਹੋਵੇਗਾ । ਮੰਤਰੀ ਨੇ ਅੱਗੇ ਦੱਸਿਆ ਕਿ ਇਸ ਵਾਰ ਸੂਬੇ ਨੂੰ 185 ਲੱਖ ਮੀਟਰਕ ਟਨ ਕਣਕ ਦੀ ਖਰੀਦ ਕਰਨ ਦਾ ਟੀਚਾ ਮਿਲਿਆ ਹੈ ਅਤੇ ਰਾਜ ਸਰਕਾਰ ਨੇ 190 ਲੱਖ ਮੀਟਰਕ ਟਨ ਦੀ ਖ਼ਰੀਦ ਲਈ ਬਾਰਦਾਨੇ ਅਤੇ ਮੁਦਰਾ ਦੇ ਰੂਪ ਵਿੱਚ ਮੁਕੰਮਲ ਪ੍ਰਬੰਧ ਕੀਤਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਕੇਂਦਰ ਸਰਕਾਰ ਨੇ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੀ ਫ਼ਸਲ ’ਤੇ ‘ਮੁੱਲ- ਕਟੌਤੀ’ ਕੀਤੀ ਸੀ, ਪਰ ਪੰਜਾਬ ਸਰਕਾਰ ਨੇ 190 ਕਰੋੜ ਰੁਪਏ ਕਿਸਾਨਾਂ ਨੂੰ ਆਪਣੀ ਜੇਬ ਵਿੱਚੋਂ ਦਿੱਤੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਕੋਈ ਆਰਥਿਕ ਨੁਕਸਾਨ ਨਾ ਹੋਵੇ । ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਚੌਲ ਮਿੱਲਰਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ ਭਾਵੇਂ ਇਹ ਸੀ. ਐਮ. ਆਰ. ਸੁਰੱਖਿਆ ਦਾ ਮੁੱਦਾ ਹੋਵੇ ਜਾਂ ਕੋਈ ਹੋਰ । ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਖ਼ਰੀਦ ਨਾਲ ਜੁੜੇ ਸਾਰੇ ਲੋਕਾਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਨਿੱਜੀ ਦਿਲਚਸਪੀ ਲੈ ਰਹੇ ਹਨ । ਸਪੇਸ (ਲੋੜੀਂਦੀ ਥਾਂ) ਦੇ ਮੁੱਦੇ ’ਤੇ ਪੰਜਾਬ ਸਰਕਾਰ ਦੀ ਸੁਚੱਜੀ, ਸੁਹਿਰਦ ਅਤੇ ਯੋਜਨਾਬੱਧ ਪਹੁੰਚ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਨੇ ਖ਼ੁਦ ਕਈ ਪੱਤਰ ਲਿਖ ਕੇ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਹੈ । ਚੁਣੌਤੀਆਂ ਦੇ ਬਾਵਜੂਦ ਅਣਥੱਕ ਕੰਮ ਕਰਨ ਲਈ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਬਹੁਤ ਹੀ ਸਫ਼ਲ ਸੀਜ਼ਨ ਨੂੰ ਪੂਰਾ ਕਰਨ ਵੱਲ ਵਧ ਰਹੇ ਹਾਂ । ਸੀ. ਸੀ. ਐਲ. ਬਾਰੇ ਆਪਣਾ ਪੱਖ ਸਪੱਸ਼ਟ ਕਰਦਿਆਂ ਮੰਤਰੀ ਨੇ ਕਿ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਬਦਲੇ ਸੀ.ਸੀ.ਐਲ. ਸੂਬੇ ਨੂੰ ਦਿੱਤਾ ਜਾਂਦਾ ਹੈ, ਇਸ ਲਈ ਕੇਂਦਰ ਸਰਕਾਰ ਕਿਸਾਨਾਂ ‘ਤੇ ਕੋਈ ਅਹਿਸਾਨ ਨਹੀਂ ਕਰ ਰਹੀ ਹੈ । ਭਾਜਪਾ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੁੱਦੇ ’ਤੇ ਸੌੜੀ ਸਿਆਸਤ ਨਹੀਂ ਕਰਨੀ ਚਾਹੀਦੀ, ਸਗੋਂ ਇਸ ਦੀ ਬਜਾਏ ਉਹ ਕੇਂਦਰ ਸਰਕਾਰ ’ਤੇ ਰੈਕਾਂ ਦੀ ਗਿਣਤੀ ਦੁੱਗਣੀ ਕਰਨ ਲਈ ਦਬਾਅ ਬਣਾਉਣ ਤਾਂ ਜੋ ਵੱਧ ਤੋਂ ਵੱਧ ਚੌਲਾਂ ਨੂੰ ਬਾਹਰ ਭੇਜ ਕੇ ਸੂਬੇ ਵਿੱਚ ਭੰਡਾਰਨ ਲਈ ਲੋੜੀਂਦੀ ਥਾਂ ਉਪਲਬਧ ਹੋ ਸਕੇ । ਹੁਣ ਤੱਕ ਭਾਰਤੀ ਖੁਰਾਕ ਨਿਗਮ ਵੱਲੋਂ ਭੰਡਾਰਨ ਲਈ 18 ਲੱਖ ਮੀਟ੍ਰਿਕ ਟਨ ਥਾਂ ਉਪਲਬਧ ਕਰਵਾਈ ਗਈ ਹੈ ਪਰ ਭਾਰਤੀ ਖੁਰਾਕ ਨਿਗਮ ਵੱਲੋਂ ਹੋਰ ਭੰਡਾਰਨ ਕਰਨਾ ਯਕੀਨੀ ਬਣਾਉਣ ਲਈ ਲੋੜੀਂਦੇ ਯਤਨ ਕੀਤੇ ਜਾਣ ਦੀ ਲੋੜ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਵਿਕਾਸ ਗਰਗ, ਡਾਇਰੈਕਟਰ ਪੁਨੀਤ ਗੋਇਲ, ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ, ਜੁਆਇੰਟ ਡਾਇਰੈਕਟਰ ਅਜੈਵੀਰ ਸਿੰਘ ਸਰਾਓ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.