ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕਨਵੋਕੇਸ਼ਨ-2024 ਦੌਰਾਨ 1015 ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ
- by Jasbeer Singh
- December 1, 2024
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕਨਵੋਕੇਸ਼ਨ-2024 ਦੌਰਾਨ 1015 ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਪਟਿਆਲਾ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ. ਪਟਿਆਲਾ ਨੇ ਅੱਜ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਡਿਗਰੀਆਂ ਵੰਡਣ ਲਈ ਕਨਵੋਕੇਸ਼ਨ-2024 ਦਾ ਆਯੋਜਨ ਕੀਤਾ। ਕਨਵੋਕੇਸ਼ਨ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ. ਸੁਸ਼ੀਲ ਮਿੱਤਲ, ਵਾਈਸ ਚਾਂਸਲਰ ਆਈ. ਕੇ. ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਵੱਲੋਂ ਕੀਤਾ ਗਿਆ । ਇਸ ਕਨਵੋਕੇਸ਼ਨ ਵਿੱਚ ਪ੍ਰੋ. ਬਲਰਾਜ ਸਿੰਘ ਸੈਣੀ, ਡੀਨ, ਕਾਲਜ ਵਿਕਾਸ ਕੌਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਤਿਕਾਰਤ ਮੈਂਬਰਾਂ ਪ੍ਰੋ. ਸੁਰਿੰਦਰਾ ਲਾਲ ਅਤੇ ਕਰਨਲ ਕਰਮਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ । ਕਨਵੋਕੇਸ਼ਨ ਦਾ ਉਦਘਾਟਨ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਕੀਤਾ ਗਿਆ । ਕਾਲਜ ਦੇ ਅੇਨ. ਸੀ. ਸੀ. ਵਿੰਗ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ । ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਤੇ ਮੁੱਖ ਮਹਿਮਾਨ, ਗੈਸਟ ਆਫ ਆਨਰ ਅਤੇ ਨਵੇਂ ਗਰੈਜੂਏਟਾਂ ਦਾ ਸਵਾਗਤ ਕੀਤਾ ਅਤੇ ਕਾਲਜ ਵੱਲੋਂ ਵੱਖ-ਵੱਖ ਰਾਸ਼ਟਰੀ-ਅੰਤਰਰਾਸ਼ਟਰੀ ਮੁਕਾਬਲਿਆਂ/ਈਵੈਂਟਾਂ ਪ੍ਰਾਪਤ ਕੀਤੀ ਮਾਨਤਾ ਦਾ ਵਰਨਣ ਕਰਦਿਆਂ ਅਕਾਦਮਿਕ, ਖੇਡਾਂ, ਸਹਿ- ਪਾਠਕ੍ਰਮ ਅਤੇ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ । ਉਨ੍ਹਾਂ ਕਿਹਾ ਕਿ ਮੋਦੀ ਕਾਲਜ ਨਾ ਸਿਰਫ਼ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਵਿਦਿਅਕ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਸਗੋਂ ਉਨ੍ਹਾਂ ਨੂੰ ਭਵਿੱਖ ਦੇ ਰਾਸ਼ਟਰ ਨਿਰਮਾਤਾ ਅਤੇ ਸਮਾਜ ਪ੍ਰਤੀ ਚੇਤੰਨ ਨਾਗਰਿਕ ਵਜੋਂ ਵਿਕਸਤ ਕਰਨ ਲਈ ਵੀ ਵਚਨਬੱਧ ਹੈ । ਆਪਣੇ ਕਨਵੋਕੇਸ਼ਨਲ ਸੰਬੋਧਨ ਵਿੱਚ ਪ੍ਰੋ. ਸੁਸ਼ੀਲ ਮਿੱਤਲ ਨੇ ਨਵੇਂ ਗ੍ਰੈਜੂਏਟਾਂ ਅਤੇ ਪੋਸਟ-ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਗੁੰਝਲਦਾਰ ਆਲਮੀ ਸਮੱਸਿਆਵਾਂ, ਨਵੀਆਂ ਤਕਨੀਕੀ ਕਾਢਾਂ ਅਤੇ ਬੁੱਧੀਮਾਨ ਮਸ਼ੀਨਾਂ ਦੇ ਯੁੱਗ ਵਿੱਚ ਰਹਿ ਰਹੇ ਹਾਂ। ਉਸਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਇਹ ਤਕਨੀਕਾਂ ਸਿੱਖਣ ਦੇ ਸਾਰੇ ਖੇਤਰਾਂ ਵਿੱਚ ਨਵੇਂ ਦਿਸਹੱਦੇ ਖੋਲ੍ਹ ਰਹੀਆਂ ਹਨ ਪਰ ਮਨੁੱਖੀ ਬੁੱਧੀ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ 'ਲੀਹ ਤੋਂ ਹਟ ਕੇ' ਸੋਚਣ ਲਈ ਪ੍ਰੇਰਿਤ ਕੀਤਾ ਅਤੇ ਇੱਕ ਬਿਹਤਰ ਸੰਸਾਰ ਦੀ ਉਸਾਰੀ ਅਤੇ ਸਮਾਜਿਕ ਤਬਦੀਲੀ ਲਿਆਉਣ ਲਈ ਆਪਣੇ ਗਿਆਨ ਅਤੇ ਸਿੱਖਣ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ । ਸਮਾਪਤੀ ਸੈਸ਼ਨ ਵਿੱਚ ਪ੍ਰੋ. ਬਲਰਾਜ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਮਨੁੱਖੀ ਭਲਾਈ ਅਧਾਰਿਤ ਸਮਾਜ ਦੇ ਪੁਨਰ ਨਿਰਮਾਣ ਲਈ ਆਪਣੀ ਸਮਰੱਥਾ ਅਤੇ ਊਰਜਾ ਨੂੰ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਵੇਂ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਨੌਕਰੀ ਭਾਲਣ ਦੀ ਬਜਾਏ ਰੁਜ਼ਗਾਰ ਦਾਤਾ ਤੇ ਸਿਰਜਣਹਾਰ ਬਣਨ, ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਸਮਰੱਥ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਗਿਆਨ ਅਤੇ ਹੁਨਰ ਨੂੰ ਆਪਣੇ ਸਮਾਜ ਨੂੰ ਸਮਰਪਿਤ ਕਰੀਏ। ਮੈਨੇਜਮੈਂਟ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰਾ ਲਾਲ ਅਤੇ ਕਰਨਲ ਕਰਮਿੰਦਰ ਸਿੰਘ ਨੇ ਵੀ ਨਵੇਂ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਗਿਆਨ ਅਤੇ ਹੁਨਰ ਨੂੰ ਸਮਾਜ ਦੀ ਬਿਹਤਰੀ ਲਈ ਸਮਰਪਿਤ ਕਰਨ ਲਈ ਕਿਹਾ । ਕਾਲਜ ਦੇ ਰਜਿਸਟਰਾਰ ਡਾ. ਅਜੀਤ ਕੁਮਾਰ ਅਤੇ ਡਾ. ਕੁਲਦੀਪ ਕੁਮਾਰ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਨੇ ਦੱਸਿਆ ਕਿ ਸੈਸ਼ਨ 2021-2022 ਅਤੇ 2022-2023 ਲਈ ਸਾਇੰਸ, ਆਰਟਸ, ਕਾਮਰਸ, ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਦੀ ਫੈਕਲਟੀ ਵਿੱਚ ਕੁੱਲ 1015 ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਜਸਵੀਰ ਕੌਰ ਅਤੇ ਵੱਖ-ਵੱਖ ਫੈਕਲਟੀਜ਼ ਦੇ ਡੀਨ ਪ੍ਰੋ. ਨੀਨਾ ਸਰੀਨ (ਕਾਮਰਸ), ਡਾ. ਰਾਜੀਵ ਸ਼ਰਮਾ (ਭੌਤਿਕ ਵਿਗਿਆਨ) ਅਤੇ ਪ੍ਰੋ. ਵਿਨੈ ਗਰਗ, ਮੁਖੀ (ਕੰਪਿਊਟਰ ਸਾਇੰਸ), ਡਾ. ਕੁਲਦੀਪ ਕੁਮਾਰ, ਕੰਟਰੋਲਰ ਪ੍ਰੀਖਿਆਵਾਂ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਾਪਤ ਕਰਨ ਲਈ ਪੇਸ਼ ਕੀਤਾ । ਵਾਈਸ ਪ੍ਰਿੰਸੀਪਲ ਪ੍ਰੋ. ਜਸਵੀਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਡਾ: ਭਾਨਵੀ ਵਧਾਵਨ, ਡਾ: ਵਰੁਣ ਜੈਨ ਅਤੇ ਡਾ: ਰੁਪਿੰਦਰ ਸਿੰਘ ਢਿੱਲੋਂ ਨੇ ਮੰਚ ਸੰਚਾਲਨ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.