

ਲੋਕ ਸਭਾ ਹਲਕਾ ਪਟਿਆਲਾ ’ਚ ਵੋਟਾਂ ਦੀ 4 ਜੂਨ ਨੂੰ ਹੋਣ ਵਾਲੀ ਗਿਣਤੀ ਲਈ 9 ਵਿਧਾਨ ਸਭਾ ਹਲਕਿਆਂ ਦੇ ਬਣਾਏ ਗਏ ਗਿਣਤੀ ਕੇਂਦਰਾਂ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਗਿਣਤੀ ਪ੍ਰਕਿਰਿਆ ਨੂੰ ਨਿਰਵਿਘਨ ਮੁਕੰਮਲ ਕਰਨ ਲਈ 580 ਗਿਣਤੀ ਅਮਲੇ ਦੀ ਡਿਊਟੀ ਲਗਾਈ ਗਈ ਹੈ, ਜਦਕਿ ਪੋਸਟਲ ਬੈਲੇਟ ਪੇਪਰਜ਼ ਦੀ ਗਿਣਤੀ ਲਈ 60 ਜਣਿਆਂ ਦੇ ਸਟਾਫ਼ ਨੂੰ ਵੱਖਰੇ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ। ਪਟਿਆਲਾ ਲੋਕ ਸਭਾ ਹਲਕੇ ਦੇ 26 ਉਮੀਦਵਾਰਾਂ ਦੀ ਕਿਸਮਤ ’ਤੇ ਆਧਾਰਤ ਇਹ ਈਵੀਐੱਮਜ਼ ਹਲਕੇ ਅੰਦਰ ਵੱਖ-ਵੱਖ ਥਾਈਂ ਸੁਰੱਖਿਆ ਮੁਲਾਜ਼ਮਾਂ ਦੀ ਨਿਗਰਾਨੀ ਅਧੀਨ ਪਈਆਂ ਹਨ। ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਸੁਰੱਖਿਆ ਦੇ ਬਹੁ ਪਰਤੀ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਵਜੋਂ ‘ਡਰਾਈ ਰਨ’ ਕਰ ਕੇ ਤਿਆਰੀਆਂ ਵਜੋਂ ਸਾਫ਼ਟਵੇਅਰ ਅਤੇ ਸਰਵਰ ਅਪਲੋਡਿੰਗ ਨੂੰ ਜਾਂਚ ਲਿਆ ਗਿਆ ਹੈ। ਹਰੇਕ ਗਿਣਤੀ ਕੇਂਦਰ ਵਿੱਚ ਇੱਕ ਗਿਣਤੀ ਸੁਪਰਵਾਈਜ਼ਰ, ਮਾਈਕਰੋ ਅਬਜ਼ਰਵਰ ਅਤੇ ਸਹਾਇਕ ਸਮੇਤ ਹੋਰ ਤਕਨੀਕੀ ਅਮਲਾ ਤਾਇਨਾਤ ਕੀਤਾ ਗਿਆ ਹੈ। ਹਰੇਕ ਹਲਕੇ ’ਚ ਰਾਊਂਡ ਵਾਈਜ਼ ਗਿਣਤੀ ਲਈ 14-14 ਟੇਬਲ ਲੱਗਣਗੇ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਦੌਰਾਨ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਗਿਣਤੀ ਲਈ ਨਿਗਰਾਨ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੇ। ਗਿਣਤੀ ਕੇਂਦਰਾਂ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਦੀ ਸਮੁੱਚੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਨ ਲਈ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਮੁੱਖ ਮੀਡੀਆ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿੱਥੇ ਸਾਰੇ ਹਲਕਿਆਂ ਦੀ ਸਾਂਝੀ ਜਾਣਕਾਰੀ ਮੀਡੀਆ ਨੂੰ ਪ੍ਰਦਾਨ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਭਾ ਹਲਕੇ ਦੀਆਂ ਈਵੀਐੱਮਜ਼ ਸਰਕਾਰੀ ਆਈਟੀਆਈ ਲੜਕੇ ਪਟਿਆਲਾ ਦੇ ਸਟਰੌਂਗ ਰੂਮ ਵਿੱਚ ਰੱਖੀਆਂ ਗਈਆਂ ਹਨ ਤੇ ਇਨ੍ਹਾਂ ਦੀ ਗਿਣਤੀ ਇੱਥੇ ਹੀ ਇਮਤਿਹਾਨ ਹਾਲ ’ਚ ਏਆਰਓ ਤਰਸੇਮ ਚੰਦ ਦੀ ਦੇਖ ਰੇਖ ਹੇਠ ਹੋਵੇਗੀ। ਜਦੋਂ ਕਿ ਪਟਿਆਲਾ ਦਿਹਾਤੀ ਦੀਆਂ ਈਵੀਐੱਮਜ਼ ਥਾਪਰ ਯੂਨੀਵਰਸਿਟੀ ਵਿੱਚ ਹਨ, ਜਿਨ੍ਹਾਂ ਦੀ ਗਿਣਤੀ ਏਡੀਸੀ ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਹੋਵੇਗੀ, ਪਟਿਆਲਾ ਸ਼ਹਿਰੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਮਹਿੰਦਰਾ ਕਾਲਜ ਵਿੱਚ ਏਆਰਓ ਅਰਵਿੰਦ ਕੁਮਾਰ ਆਪਣੀ ਨਿਗਰਾਨੀ ਹੇਠਾਂ ਕਰਵਾਉਣਗੇ। ਹਲਕਾ ਸਨੌਰ ਦੀਆਂ ਮਸ਼ੀਨਾਂ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਐੱਸਐੱਸਟੀ ਨਗਰ ਵਿੱਚ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ ਵੀ ਇੱਥੇ ਹੀ ਏਆਰਓ ਸੰਯੁਕਤ ਕਮਿਸ਼ਨਰ ਨਗਰ ਨਿਗਮ ਬਬਨਦੀਪ ਸਿੰਘ ਵਾਲੀਆ ਕਰਵਾਉਣਗੇ। ਇਸੇ ਤਰ੍ਹਾਂ ਰਾਜਪੁਰਾ, ਡੇਰਾਬੱਸੀ ਤੇ ਘਨੌਰ ਹਲਕਿਆਂ ਦੇ ਸਟਰੌਂਗ ਰੂਮ ਪੰਜਾਬੀ ਯੂਨੀਵਰਸਿਟੀ ਵਿੱਚ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਡੇਰਾਬੱਸੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਜਦਕਿ ਰਾਜਪੁਰਾ ਤੇ ਘਨੌਰ ਦੀ ਗਿਣਤੀ ਜਿਮਨੇਜ਼ੀਅਮ ਹਾਲ ਵਿੱਚ ਹੋਵੋਗੀ। ਇੱਥੇ ਕ੍ਰਮਵਾਰ ਏਆਰਓ ਜਸਲੀਨ ਕੌਰ ਭੁੱਲਰ, ਹਿਮਾਂਸ਼ੂ ਗਰਗ ਤੇ ਕੰਨੂ ਗਰਗ ਨਿਗਰਾਨੀ ਕਰਨਗੇ। ਜਦੋਂਕਿ ਸਮਾਣਾ ਅਤੇ ਸ਼ੁਤਰਾਣਾ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਪੋਲੋ ਗਰਾਊਂਡ ਦੇ ਸਪੋਰਟਸ ਕੰਪਲੈਕਸ ਵਿੱਚ ਜਿਮਨੇਜ਼ੀਅਮ ਹਾਲ ’ਚ ਐੱਸਡੀਐੱਮ ਰਿਚਾ ਗੋਇਲ ਤੇ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਵੇਗੀ। ਪਟਿਆਲਾ ਵਿੱਚ 63.63 ਫੀਸਦੀ ਪੋਲਿੰਗ ਪਟਿਆਲਾ (ਖੇਤਰੀ ਪ੍ਰਤੀਨਿਧ): ਨੌਂ ਵਿਧਾਨ ਸਭਾ ਹਲਕਿਆਂ ’ਤੇ ਆਧਾਰਤ ਸੰਸਦੀ ਸੀਟ ਪਟਿਆਲਾ ਵਿੱਚ 63.63 ਫ਼ੀਸਦੀ ਪੋਲਿੰਗ ਹੋਈ ਹੈ। ਇਸ ਦੌਰਾਨ 18 ਲੱਖ 6 ਹਜ਼ਾਰ 424 ’ਚੋਂ 11 ਲੱਖ 49 ਹਜ਼ਾਰ 417 ਵੋਟਾਂ ਪਈਆਂ। ਹਲਕੇ ਦੇ 9,44,300 ਪੁਰਸ਼ਾਂ ਵਿੱਚੋਂ 6,16,927 (65.33) ਅਤੇ 8,06,244, ਮਹਿਲਾਵਾਂ 5,32,462 (61.77) ਜਦ ਕਿ 80 ਟਰਾਂਸਜੈਂਡਰਾਂ ’ਚੋਂ 28 (35 ਫ਼ੀਸਦੀ) ਨੇ ਵੋਟਾਂ ਪਾਈਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ 26 ਉਮੀਦਵਾਰਾਂ ਲਈ ਪਈਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਵਿਸਥਾਰ ਵੇਰਵਿਆਂ ਅਨੁਸਾਰ ਘਨੌਰ ਵਿੱਚ 1,64,216 ਵਿੱਚੋਂ 1,10,682 (67.40 ਫ਼ੀਸਦੀ) ਵਿੱਚੋਂ 60,948 ਮਰਦ ਅਤੇ 49,734 ਮਹਿਲਾਵਾਂ ਨੇ ਵੋਟਾਂ ਪਾਈਆਂ। ਸਮਾਣਾ ਦੀਆਂ 1,88,834 ਵਿੱਚੋਂ 1,25,888 (66.67 ਫ਼ੀਸਦੀ) ਵੋਟਾਂ ਪਾਈਆਂ। ਨਾਭਾ ਹਲਕੇ ਦੇ 1,87,190 ਵਿੱਚੋਂ 1,02,143 (64.66 ਫੀਸਦੀ) ਵੋਟਾਂ ਪਈਆਂ। ਜਿਸ ਵਿੱਚੋਂ 65,337 ਮਰਦਾਂ ਤੇ 55,700 ਮਹਿਲਾਵਾਂ ਸਮੇਤ 6 ਟਰਾਂਸਜੈਂਡਰ ਸ਼ਾਮਲ ਰਹੇ। ਡੇਰਾਬੱਸੀ ਹਲਕੇ ਵਿਚਲੇ 2,96,951 ਵੋਟਰਾਂ ਵਿੱਚੋਂ 1,96,234 (66.08 ਫ਼ੀਸਦੀ), ਰਾਜਪੁਰਾ ਵਿੱਚ 1,81,273 ’ਚੋਂ 1,16,699 (64.38 ਫ਼ੀਸਦੀ) ਪੋਲਿੰਗ ਹੋਈ। ਸਨੌਰ ’ਚ 2,26, 886 ਵੋਟਰਾਂ ਵਿੱਚੋਂ ਕੁੱਲ 1,41,012 (62.15 ਫ਼ੀਸਦੀ) ਨੇ ਵੋਟਾਂ ਪਾਈਆਂ। ਪਟਿਆਲਾ (ਸ਼ਹਿਰੀ) ਹਲਕੇ ਦੇ 1,52,570 ਵਿੱਚੋਂ 94,333 ਵੋਟਾਂ ਪਈਆਂ, ਜੋ 61.83 ਫ਼ੀਸਦੀ ਬਣਦੀਆਂ ਹਨ। ਸ਼ੁਤਰਾਣਾ ਹਲਕੇ ’ਚ 1,88,642 ’ਚੋਂ 1,13,842 ਦੇ ਤਹਿਤ 60.35 ਫ਼ੀਸਦੀ ਪੋਲਿੰਗ ਰਹੀ। ਪਟਿਆਲਾ ਦਿਹਾਤੀ ਹਲਕੇ ਦੇ 2,19,862 ਵੋਟਰਾਂ ’ਚੋਂ 1,29684 (58.98 ਫ਼ੀਸਦੀ) ਮਤਦਾਨ ਰਿਹਾ। ਸੰਗਰੂਰ ਲੋਕ ਸਭਾ ਹਲਕੇ ਵਿੱਚ ਕੁੱਲ 64.63 ਫੀਸਦੀ ਪੋਲਿੰਗ ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੰਗਰੂਰ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 64.63 ਫੀਸਦੀ ਵੋਟਿੰਗ ਹੋਈ ਹੈ। ਮਾਲੇਰਕੋਟਲਾ ਵਿਧਾਨ ਸਭਾ ਹਲਕੇ ’ਚ ਸਭ ਤੋਂ ਵੱਧ 69.76 ਫੀਸਦੀ ਵੋਟਿੰਗ ਹੋਈ ਹੈ ਜਦੋਂ ਕਿ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਸਭ ਤੋਂ ਘੱਟ 59.99 ਫੀਸਦੀ ਵੋਟਿੰਗ ਹੋਈ ਹੈ। ਸੰਗਰੂਰ ਲੋਕ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹਲਕੇ ਵਿੱਚ ਕੁੱਲ 64.63 ਫੀਸਦੀ ਵੋਟਿੰਗ ਹੋਈ ਹੈ। ਮਾਲੇਰਕੋਟਲਾ ਵਿਧਾਨ ਸਭਾ ਹਲਕੇ ਵਿੱਚ 69.76 ਫੀਸਦੀ ਵੋਟਿੰਗ, ਰਿਜ਼ਰਵ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ 67.36 ਫੀਸਦੀ ਵੋਟਿੰਗ, ਵਿਧਾਨ ਸਭਾ ਹਲਕਾ ਲਹਿਰਾ ਵਿੱਚ 66.68 ਫੀਸਦੀ, ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ 65.94 ਫੀਸਦੀ ਵੋਟਿੰਗ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਧਾਨ ਸਭਾ ਹਲਕਾ ਸੁਨਾਮ ਵਿੱਚ 65.38 ਫੀਸਦੀ ਵੋਟਿੰਗ, ਰਿਜ਼ਰਵ ਹਲਕਾ ਭਦੌੜ ਵਿੱਚ 63.51 ਫੀਸਦੀ ਵੋਟਿੰਗ, ਰਿਜ਼ਰਵ ਹਲਕਾ ਮਹਿਲ ਕਲਾਂ ਵਿੱਚ 61.81 ਫੀਸਦੀ ਵੋਟਿੰਗ, ਵਿਧਾਨ ਸਭਾ ਹਲਕਾ ਸੰਗਰੂਰ ਵਿੱਚ 61.65 ਫੀਸਦੀ ਵੋਟਿੰਗ ਅਤੇ ਬਰਨਾਲਾ ਵਿਚ ਸਭ ਤੋਂ ਘੱਟ 59.99 ਫੀਸਦੀ ਵੋਟਿੰਗ ਹੋਈ ਹੈ, ਜੋ ਕਿ ਲੋਕ ਸਭਾ ਹਲਕਾ ਸੰਗਰੂਰ ਵਿਚ ਕੁੱਲ 64.63 ਫੀਸਦੀ ਬਣਦਾ ਹੈ। ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਵਿੱਚ ਸ਼ਾਂਤੀਮਈ ਵੋਟਿੰਗ ਪ੍ਰਕਿਰਿਆ ਲਈ ਸਮੁੱਚੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਸਹਾਇਕ ਰਿਟਰਨਿੰਗ ਅਧਿਕਾਰੀਆਂ, ਚੋਣ ਅਮਲੇ, ਪੁਲੀਸ , ਸੁਰੱਖਿਆ ਬਲਾਂ ਸਮੇਤ ਸਮੂਹ ਚੌਕਸੀ ਟੀਮਾਂ ਦਾ ਵੀ ਧੰਨਵਾਦ ਕੀਤਾ।