ਮਾਤਾ ਗੁਜਰੀ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਸਜਾਇਆ ਨਗਰ ਕੀਰਤਨ
- by Jasbeer Singh
- November 21, 2024
ਮਾਤਾ ਗੁਜਰੀ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਨਗਰ ਕੀਰਤਨ ਗੁਰਦੁਆਰਾ ਗੰਗਸਰ ਸਾਹਿਬ ਵੱਲ ਰਵਾਨਾ ਪਟਿਆਲਾ 21 ਨਵੰਬਰ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਸ਼ਤਾਬਦੀ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਮਾਤਾ ਗੁਜਰੀ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਯੋਗ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ । ਨਗਰ ਕੀਰਤਨ ਦੀ ਆਰੰਭਤਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਹੋਈ । ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਦਬ, ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਫੁੱਲਾਂ ਨਾਲ ਸਜੀ ਪਾਲਕੀ ’ਚ ਸ਼ੁਸ਼ੋਭਿਤ ਕੀਤਾ । ‘ਬੋਲੇ ਸੋ ਨਿਹਾਲ’ ਦੇ ਸੰਗਤਾਂ ਵੱਲੋਂ ਛੱਡੇ ਗਏ ਜੈਕਾਰਿਆਂ ਨਾਲ ਨਗਰ ਕੀਰਤਨ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਨਗਰ ਕੀਰਤਨ ਗੁਰਦੁਆਰਾ ਗੰਗਸਰ ਸਾਹਿਬ ਦੇ ਪਾਵਨ ਅਸਥਾਨ ’ਤੇ ਦੁਪਹਿਰ ਤੱਕ ਪੁੱਜੇਗਾ । ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਸੰਤ ਮਹਾਂਪੁਰਸ਼ਾਂ ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਵਾਲੇ, ਭਾਈ ਗੁਰਦੀਪ ਸਿੰਘ ਕਾਲੀ ਕੰਬਲੀ ਵਾਲੇ, ਬਾਬਾ ਕਰਮਬੀਰ ਸਿੰਘ ਬੇਦੀ, ਚੜ੍ਹਦੀਕਲਾ ਗਰੁੱਪ ਦੇ ਸ. ਜਗਜੀਤ ਸਿੰਘ ਦਰਦੀ ਆਦਿ ਪ੍ਰਮੁੱਖ ਸਖਸ਼ੀਅਤਾਂ ਉਚੇਚੇ ਤੌਰ ’ਤੇ ਪੁੱਜੀਆਂ । ਨਗਰ ਕੀਰਤਨ ਦੌਰਾਨ ਗੱਤਕਾ ਪਾਰਟੀਆਂ ਨੇ ਜੌਹਰ ਵਿਖਾਏ, ਉਥੇ ਹੀ ਪਾਲਕੀ ਅੱਗੇ ਝਾੜੂ ਬਰਦਾਰ ਬਣ ਕੇ ਸੇਵਾ ਕਰ ਰਹੀਆਂ ਸੰਗਤਾਂ ਵੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਅਤੇ ਸਿੱਖ ਜਥੇਬੰਦੀਆਂ ਤੋਂ ਇਲਾਵਾ ਸ਼ਬਦੀ ਜੱਥਿਆਂ, ਬੈਂਡ ਪਾਰਟੀਆਂ ਆਦਿ ਵੀ ਸ਼ਾਮਲ ਸਨ । ਇਸ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਜੱਫਰਵਾਲ ਨੇ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਤਾ ਗੁਜਰੀ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਹੋ ਰਿਹਾ ਹੈ, ਜਿਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸੰਤ ਮਹਾਂਪੁਰਸ਼ ਅਤੇ ਪੰਥਕ ਸਖਸ਼ੀਅਤਾਂ ਵੀ ਸ਼ਿਰਕਤ ਕਰਨਗੀਆਂ । ਇਸ ਦੌਰਾਨ ਖਾਲਸਾ ਸ਼ਤਾਬਦੀ ਕਮੇਟੀ ਵੱਲੋਂ ਹਰਮਿੰਦਰਪਾਲ ਸਿੰਘ ਵਿੰਟੀ ਨੇ ਨਗਰ ਕੀਰਤਨ ਵਿਚ ਪੁੱਜੀਆਂ ਸਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗੁਰਦੁਆਰਾ ਗੰਗਸਰ ਸਾਹਿਬ ਮਾਤਾ ਗੁਜਰੀ ਦੇ ਜਨਮ ਅਸਥਾਨ ਵਿਖੇ ਦੇਰ ਸ਼ਾਮ ਨੂੰ ਨਗਰ ਕੀਰਤਨ ਪੁੱਜੇਗਾ। ਨਗਰ ਕੀਰਤਨ ਦੌਰਾਨ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਮਨਦੀਪ ਸਿੰਘ ਭਲਵਾਨ, ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਜਗਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਖਾਲਸਾ, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ, ਜਸਪ੍ਰੀਤ ਸਿੰਘ ਭਾਟੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਟਿਆਲਾ ਦੀ ਸੰਗਤ ਅਤੇ ਸ਼ੋ੍ਰਮਣੀ ਕਮੇਟੀ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਨੇ ਵੀ ਸ਼ਿਰਕਤ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.