ਨਵਜੋਤ ਸਿੰਘ ਸਿੱਧੂ ਪ੍ਰਿਅੰਕਾ ਗਾਂਧੀ ਨੂੰ ਮਿਲ ਕੇ ਰੱਖਣਗੇ ਆਪਣਾ ਪੱਖ
- by Jasbeer Singh
- December 12, 2025
ਨਵਜੋਤ ਸਿੰਘ ਸਿੱਧੂ ਪ੍ਰਿਅੰਕਾ ਗਾਂਧੀ ਨੂੰ ਮਿਲ ਕੇ ਰੱਖਣਗੇ ਆਪਣਾ ਪੱਖ ਚੰਡੀਗੜ੍ਹ 12 ਦਸੰਬਰ 2025 : ਪੰਜਾਬ ਕਾਂਗਰਸ `ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਖਿੱਚਤਾਣ ਨੇ ਹੁਣ ਨਵਾਂ ਮੋੜ ਲੈ ਲਿਆ ਹੈ । ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਬੇਬਾਕ ਸਿਆਸੀ ਚਿਹਰਾ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਵਿਵਾਦਿਤ ਬਿਆਨ ਕਾਰਨ ਉੱਠੇ ਭੂਚਾਲ ਦੇ ਮੱਦੇਨਜ਼ਰ ਹੁਣ ਸਿੱਧੇ ਹਾਈਕਮਾਨ ਦੇ ਸਾਹਮਣੇ ਆਪਣਾ ਪੱਖ ਸਪੱਸ਼ਟ ਕਰਨ ਜਾ ਰਹੇ ਹਨ। ਸਿੱਧੂ ਨੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਤੋਂ ਮੁਲਾਕਾਤ ਦੀ ਮੰਗ ਕੀਤੀ ਸੀ, ਜਿਸ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਇਹ ਮਹੱਤਵਪੂਰਨ ਮੀਟਿੰਗ 19 ਦਸੰਬਰ ਨੂੰ ਦਿੱਲੀ `ਚ ਹੋਵੇਗੀ । ਸਿੱਧੂ ਦਿੱਲੀ ਤਾਂ ਪਹੁੰਚ ਗਏ ਹਨ ਪਰ ਮਹੱਤਵਪੂਰਨ ਮੁਲਾਕਾਤ ਨਹੀਂ ਹੋ ਸਕੀ ਵੇਰਵਿਆਂ ਅਨੁਸਾਰ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ ਅਤੇ ਇਸ ਦੌਰਾਨ ਉੱਚ ਪੱਧਰੀ ਕਾਂਗਰਸੀ ਨੇਤਾਵਾਂ ਨਾਲ ਮਿਲਣ ਲਈ ਕੋਸਿ਼ਸ਼ਾਂ ਵੀ ਕੀਤੀਆਂ ਪਰ ਸੰਸਦ ਸੈਸ਼ਨ ਆਪਣੇ ਸਿਖਰ `ਤੇ ਹੋਣ ਕਾਰਨ ਜਿ਼ਆਦਾਤਰ ਨੇਤਾ ਸੰਸਦ `ਚ ਹੀ ਰੁੱਝੇ ਰਹੇ, ਜਿਸ ਕਾਰਨ ਸਿੱਧੂ ਦੀ ਕੋਈ ਵੀ ਮਹੱਤਵਪੂਰਨ ਮੁਲਾਕਾਤ ਨਹੀਂ ਹੋ ਸਕੀ । ਹੁਣ 19 ਦਸੰਬਰ ਦੀ ਮੁਲਾਕਾਤ ਨੂੰ ਸਿੱਧੂ ਆਪਣੇ ਸਿਆਸੀ ਭਵਿੱਖ ਲਈ ਬਹੁਤ ਮਹੱਤਵਪੂਰਨ ਮੰਨ ਰਹੇ ਹਨ। ਮੂਲ ਤਣਾਅ ਦਾ ਕਾਰਨ ਉਹ ਬਿਆਨ ਹੈ, ਜੋ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਦਿੱਤਾ ਸੀ, ਜਿਸ `ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਬਣਨ ਲਈ ਉਨ੍ਹਾਂ ਕੋਲ 500 ਕਰੋੜ ਰੁਪਏ ਨਹੀਂ ਹਨ। ਇਸ ਬਿਆਨ ਨੇ ਨਾ ਸਿਰਫ ਪੰਜਾਬ ਕਾਂਗਰਸ `ਚ ਹਲਚਲ ਮਚਾਈ, ਬਲਕਿ ਰਾਜਨੀਤਿਕ ਵਿਰੋਧੀਆਂ ਨੂੰ ਵੀ ਵੱਡਾ ਹਥਿਆਰ ਦੇ ਦਿੱਤਾ । ਹਾਈਕਮਾਨ ਨੇ ਇਸ ਬਿਆਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
