
ਪਲੇਅ ਵੇਅ ਸਕੂਲਾਂ ਲਈ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਲਈ ਨਵੀਆਂ ਹਦਾਇਤਾਂ ਜਾਰੀ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
- by Jasbeer Singh
- January 2, 2025

ਪਲੇਅ ਵੇਅ ਸਕੂਲਾਂ ਲਈ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਲਈ ਨਵੀਆਂ ਹਦਾਇਤਾਂ ਜਾਰੀ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ, 2 ਜਨਵਰੀ : ਅਰਲੀ ਚਾਇਲਡਹੁੱਡ ਕੇਅਰ ਐਂਡ ਐਜੂਕੇਸ਼ਨ ਸਕੀਮ ਅਧੀਨ ਪ੍ਰਾਈਵੇਟ ਪਲੇਅ-ਵੇਅ-ਸਕੂਲਾਂ ਦੀ ਨਵੀਂ ਰਜਿਸਟਰੇਸ਼ਨ ਕਰਵਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ । ਇਨ੍ਹਾਂ ਹਦਾਇਤਾਂ ਤਹਿਤ ਪੰਜਾਬ ਵਿਚ ਚੱਲ ਰਹੇ ਸਾਰੇ ਪ੍ਰਾਈਵੇਟ ਪਲੇਅ-ਵੇ ਸਕੂਲ ਹੁਣ ਤੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਰਜਿਸਟਰਡ ਕੀਤੇ ਜਾਣਗੇ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਸੰਗਰੂਰ ਅਨੁਰਤਨ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਨਿੱਜੀ ਪਲੇਅ-ਵੇਅ ਸਕੂਲਾਂ ਵਿਚ ਬਚਪਨ ਦੇ ਸ਼ੁਰੂਆਤੀ ਵਿਕਾਸ ਲਈ ਬੱਚਿਆਂ ਨੂੰ ਖੇਡਾਂ ਦੇ ਜ਼ਰੀਏ ਪੜ੍ਹਾਇਆ ਜਾਵੇਗਾ, ਜਿਸ ਨਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਨਿਖਾਰ ਆਵੇਗਾ । ਉਨ੍ਹਾਂ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਇਨ੍ਹਾਂ ਪਲੇਅ ਵੇਅ ਸਕੂਲਾਂ ਦੀ ਨਵੀਂ ਰਜਿਸਟਰੇਸ਼ਨ ਅਤੇ ਪੁਰਾਣੀ ਰਜਿਸਟਰੇਸ਼ਨ ਰੀਨਿਊ ਕਾਰਵਾਏ ਜਾਣ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ, ਜਿਸ ਸਬੰਧੀ ਵਿਸਥਾਰ ਵਿਚ ਨਿਯਮ ਅਤੇ ਹਦਾਇਤਾਂ ਲਾਗੂ ਹੋਣਗੀਆਂ ਜਿਵੇ ਕਿ ਪਲੇਅ ਵੇਅ ਸਕੂਲ ਦੀ ਇਮਾਰਤ ਦਾ ਹਵਾਦਾਰ ਹੋਣਾ, ਸਕੂਲ ਦੀ ਚਾਰ-ਦੀਵਾਰੀ, ਸਾਫ ਸੁਥਰਾ ਪੀਣ ਯੋਗ ਪਾਣੀ, ਸੁਰੱਖਿਆ ਮਾਪਦੰਡ, ਅਧਿਆਪਕਾਂ ਅਤੇ ਬੱਚਿਆਂ ਦੀ ਗਿਣਤੀ ਦਾ 1:20 ਦਾ ਅਨੁਪਾਤ ਭਾਵ ਇੱਕ ਅਧਿਆਪਕ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾ ਸਕੇਗਾ । ਉਸ ਦੇ ਨਾਲ ਇਕ ਕੇਅਰਟੇਕਰ ਵੀ ਹੋਵੇਗਾ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਸਮਝੌਤਾ ਨਾ ਹੋਵੇ। ਸਕੂਲ ਅੰਦਰਲੀ ਬਣਤਰ, ਰੈਸਟ ਰੂਮ ਦੀ ਵਿਵਸਥਾ, ਲੜਕੇ ਅਤੇ ਲੜਕੀਆਂ ਲਈ ਵੱਖਰੇ ਪਖਾਨੇ, ਸਾਰੇ ਸਕੂਲਾਂ ਵਿਚ ਸੀਸੀਟੀਵੀ ਕੈਮਰੇ ਵੀ ਲਾਜ਼ਮੀ ਕੀਤੇ ਗਏ ਹਨ । ਉਨ੍ਹਾਂ ਹੋਰ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲਾਂ ਵਿੱਚ ਦਾਖ਼ਲੇ ਲਈ ਬੱਚੇ ਲਈ ਕੋਈ ਸਕ੍ਰੀਨਿੰਗ ਟੈਸਟ ਜਾਂ ਮਾਤਾ-ਪਿਤਾ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ । ਇਨ੍ਹਾਂ ਸਕੂਲਾਂ ਵਿੱਚ ਜੰਕ ਫੂਡ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ । ਇਸ ਤੋਂ ਇਲਾਵਾ ਘਰੋਂ ਵੀ ਜੰਕ ਫੂਡ ਟਿਫਿਨ ਵਿੱਚ ਨਹੀਂ ਆਵੇਗਾ ਅਤੇ ਨਾ ਹੀ ਸਕੂਲ ਵਿੱਚ ਜਾਂ ਆਲੇ-ਦੁਆਲੇ ਜੰਕ ਫੂਡ ਵੇਚਿਆ ਜਾਵੇਗਾ । ਉਨ੍ਹਾਂ ਹੋਰ ਦੱਸਿਆ ਕਿ ਪਲੇਅ ਵੇਅ ਵਿਚ ਬੱਚਿਆਂ ਨੂੰ ਖੇਡਾਂ ਰਾਹੀਂ ਸਿਖਾਇਆ ਜਾਣਾ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਡਰਾਉਣ ਜਾ ਧਮਕਾਉਣ ’ਤੇ ਪਾਬੰਦੀ ਹੈ। ਬੱਚਿਆਂ ’ਤੇ ਕੰਮ ਦਾ ਕੋਈ ਬੋਝ ਨਹੀਂ ਹੋਵੇਗਾ, ਪਲੇਅ ਵੇਅ ਦੇ ਅੰਦਰ ਲਾਇਬ੍ਰੇਰੀ ਦਾ ਪ੍ਰਬੰਧ ਹੋਵੇਗਾ, ਹਰ ਮਹੀਨੇ ਬੱਚੇ ਦੀ ਸਿਹਤ ਜਾਂਚ ਹੋਵੇਗੀ ਅਤੇ ਸਕੂਲ ਬੱਚੇ ਦੇ ਟੀਕਾਕਰਨ ਦਾ ਰਿਕਾਰਡ ਰੱਖੇਗਾ। ਬੱਚਿਆਂ ਦੀ ਸੁਰੱਖਿਆ ਲਈ ਫਾਇਰ ਸੇਫਟੀ, ਸਿਹਤ ਸਹੂਲਤਾਂ ਸਭ ਦੀ ਜਾਂਚ ਕੀਤੀ ਜਾਵੇਗੀ । ਸਕੂਲ ਵਿਚ ਫੀਸਾਂ ਕਿਵੇਂ ਲਈਆਂ ਜਾਣਗੀਆਂ, ਇਸ ਬਾਰੇ ਦਿਸ਼ਾ ਨਿਰਦੇਸ਼ ਹੋਣਗੇ । ਦਾਖਲੇ ਦੇ ਸਮੇਂ ਬੱਚੇ ਦਾ ਕੋਈ ਸਕ੍ਰੀਨਿੰਗ ਟੈਸਟ ਅਤੇ ਮਾਪਿਆਂ ਦੀ ਇੰਟਰਵਿਊ ਨਹੀਂ ਹੋਵੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਹਦਾਇਤਾਂ ਜਾਰੀ ਹੋਣ ਤੋਂ ਇਕ ਮਹੀਨੇ ’ਚ ਹੋਣੀ ਜ਼ਰੂਰੀ ਹੈ ਜੋ ਕਿ ਹਰ ਸਾਲ ਵਿਚਾਰੀ ਜਾਵੇਗੀ । ਉਹਨਾਂ ਦੱਸਿਆ ਕਿ ਇਕ ਮਹੀਨੇ ਦੇ ਅੰਦਰ ਅੰਦਰ ਜਿਹੜੇ ਪਲੇਅ ਵੇਅ ਸਕੂਲਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ ਉਨ੍ਹਾਂ ਸਕੂਲਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਹੋਰ ਦੱਸਿਆ ਕਿ ਨਵੀਂ ਹਦਾਇਤਾਂ ਸਬੰਧੀ ਵਧੇਰੇ ਜਾਣਕਾਰੀ ਜ਼ਿਲ੍ਹੇ ਦੀ ਵੈਬਸਾਈਟ sangrur.nic.in ਤੋਂ ਲਈ ਜਾ ਸਕਦੀ ਹੈ । ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਤਰਜੀਹ ਦੇਣ ਜੋ ਪਹਿਲਾਂ ਹੀ ਵਿਭਾਗ ਨਾਲ ਰਜਿਸਟਰਡ ਹਨ। ਇਸ ਸਬੰਧੀ ਜਾਣਕਾਰੀ ਸਮਾਜ ਭਲਾਈ ਵਿਭਾਗ ਦੀ ਵੈੱਬਸਾਈਟ ‘ਤੇ ਵੀ ਅਪਲੋਡ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਸਾਰੇ ਪਲੇਅ ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਕੂਲ ਹੀ ਕੰਮ ਕਰ ਸਕਣਗੇ ।
Related Post
Popular News
Hot Categories
Subscribe To Our Newsletter
No spam, notifications only about new products, updates.