ਐਨ. ਆਈ. ਏ. ਨੇ ਕੀਤੀ ਗੈਂਗਸਟਰ-ਅੱਤਵਾਦੀ ਗਠਜੋੜ ਮਾਮਲੇ ਸਬੰਧੀ ਪੰਜਾਬ ਹਰਿਆਣਾ ਵਿੱਚ 9 ਥਾਵਾਂ ’ਤੇ ਛਾਪੇਮਾਰੀ
- by Jasbeer Singh
- December 11, 2024
ਐਨ. ਆਈ. ਏ. ਨੇ ਕੀਤੀ ਗੈਂਗਸਟਰ-ਅੱਤਵਾਦੀ ਗਠਜੋੜ ਮਾਮਲੇ ਸਬੰਧੀ ਪੰਜਾਬ ਹਰਿਆਣਾ ਵਿੱਚ 9 ਥਾਵਾਂ ’ਤੇ ਛਾਪੇਮਾਰੀ ਨਵੀਂ ਦਿੱਲੀ, 11 ਦਸੰਬਰ : ਕੇਂਦਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਗੈਂਗਸਟਰ-ਅਤਿਵਾਦੀ ਗਠਜੋੜ ਮਾਮਲੇ ਸਬੰਧੀ ਜਾਰੀ ਜਾਂਚ ਦੇ ਮੱਦੇਨਜ਼ਰ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਨੌਂ ਥਾਵਾਂ ’ਤੇ ਛਾਪੇਮਾਰੀ ਕੀਤੀ । ਇਸ ਮਾਮਲੇ ਨਾਲ ਜੁੜੇ ਸ਼ੱਕੀ ਵਿਅਕਤੀਆਂ ਵਿਰੁੱਧ ਸੂਹ ਮਿਲਣ ਤੋਂ ਬਾਅਦ ਬੁੱਧਵਾਰ ਤੜਕੇ ਤੋਂ ਪੰਜਾਬ ਦੇ ਅੱਠ ਅਤੇ ਹਰਿਆਣਾ ਦੇ ਇੱਕ ਟਿਕਾਣਿਆਂ ’ਤੇ ਛਾਪੇਮਾਰੀ ਜਾਰੀ ਹੈ । ਕਥਿਤ ਤੌਰ ’ਤੇ ਛਾਪੇਮਾਰੀ ਦਾ ਉਦੇਸ਼ ਅਤਿਵਾਦੀ ਸੰਗਠਨਾਂ ਨਾਲ ਜੁੜੇ ਅਪਰਾਧਿਕ ਗਤੀਵਿਧੀਆਂ ਦੀ ਸਹੂਲਤ ਦੇਣ ਦੇ ਸ਼ੱਕੀ ਵਿਅਕਤੀਆਂ ਅਤੇ ਨੈਟਵਰਕਾਂ ’ਤੇ ਸ਼ਿਕੰਜਾ ਕੱਸਣਾ ਹੈ । ਪਿਛਲੇ ਮਹੀਨੇ ਏਜੰਸੀ ਨੇ ਅਤਿਵਾਦੀ-ਗੈਂਗਸਟਰ ਗਠਜੋੜ ਦੇ ਮਾਮਲੇ ਸਬੰਧੀ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਨੌਂ ਥਾਵਾਂ ’ਤੇ ਦਵਿੰਦਰ ਬੰਬੀਹਾ ਸਿੰਡੀਕੇਟ ਦੇ ਸਹਿਯੋਗੀਆਂ ਨਾਲ ਜੁੜੇ ਟਿਕਾਣਿਆਂ ਦੀ ਵਿਆਪਕ ਤਲਾਸ਼ੀ ਵੀ ਲਈ ਸੀ । ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਦਰਜ ਕੀਤੇ ਗਏ ਕੇਸ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਸੰਗਠਨਾਂ ਅਤੇ ਅੱਤਵਾਦੀਆਂ ਵੱਲੋਂ ਭਾਰਤੀ ਧਰਤੀ ‘ਤੇ ਅੱਤਵਾਦੀ ਕਾਰਵਾਈਆਂ ਕਰਨ ਲਈ ਫੰਡ ਇਕੱਠਾ ਕਰਨ ਦੇ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ ।

