
ਘਬਰਾਉਣ ਦੀ ਕੋਈ ਲੋੜ ਨਹੀਂ, ਸਥਿਤੀ ਕਾਬੂ ਹੇਠ : ਡੀ. ਸੀ. ਕੋਮਲ ਮਿੱਤਲ
- by Jasbeer Singh
- September 1, 2025

ਘਬਰਾਉਣ ਦੀ ਕੋਈ ਲੋੜ ਨਹੀਂ, ਸਥਿਤੀ ਕਾਬੂ ਹੇਠ : ਡੀ. ਸੀ. ਕੋਮਲ ਮਿੱਤਲ ਸਾਵਧਾਨੀ ਵਜੋਂ ਬਲਟਾਣਾ ਪੁਲ ਅਤੇ ਮੁਬਾਰਕਪੁਰ ਕਾਜਵੇ ’ਤੇ ਆਵਾਜਾਈ ਰੋਕੀ ਗਈ ਡੀ. ਸੀ. ਨੇ ਦੌਰਾ ਕਰ ਕੀਤੀ ਸਥਿਤੀ ਦੀ ਸਮੀਖਿਆ ਜ਼ੀਰਕਪੁਰ/ਡੇਰਾਬੱਸੀ, 1 ਸਤੰਬਰ 2025 : ਸੁਖਨਾ ਹੈਡਵਰਕਸ ਵੱਲੋਂ ਸੁਖਨਾ ਚੋਅ ਵਿੱਚ ਵਾਧੂ ਪਾਣੀ ਛੱਡਣ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਐਸ. ਏ. ਐਸ. ਨਗਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ੀਰਕਪੁਰ ਦੇ ਸੁਖਨਾ ਚੋਅ ਦੇ ਬਲਟਾਣਾ ਪੁਲ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ । ਉਨ੍ਹਾਂ ਕਿਹਾ ਕਿ ਸਾਵਧਾਨੀ ਦੇ ਤੌਰ ’ਤੇ ਸੁਖਨਾ ਚੋਅ ’ਤੇ ਬਲਟਾਣਾ ਪੁਲ ਅਤੇ ਘੱਗਰ ਦਰਿਆ ਦੇ ਮੁਬਾਰਕਪੁਰ ਕਾਜ਼ਵੇਅ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ । ਡੀ. ਸੀ. ਮਿੱਤਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੂੰ ਜ਼ੀਰਕਪੁਰ ਅਤੇ ਡੇਰਾਬੱਸੀ ਸਮੇਤ ਸ਼ਹਿਰੀ ਇਲਾਕਿਆਂ ਵਿੱਚੋਂ ਲੰਘਦੇ ਨਦੀਆਂ/ਨਾਲਿਆਂ ਚ ਪਾਣੀ ਦੇ ਪ੍ਰਵਾਹ ਦੀ ਨਿਗਰਾਨੀ ਅਤੇ ਆਰਜ਼ੀ ਤੌਰ ਤੇ ਆਵਾਜਾਈ ਰੋਕਣ ਲਈ ਤਾਇਨਾਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਭਾਵੇਂ ਪਾਣੀ ਦੇ ਪੱਧਰ ਵਿੱਚ ਵਾਧਾ ਹੋਇਆ ਹੈ, ਪਰ ਇਸ ਵੇਲੇ ਨਿਵਾਸੀਆਂ ਲਈ ਕੋਈ ਤੁਰੰਤ ਖ਼ਤਰਾ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਪੂਰੀ ਚੌਕਸੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਸਾਰੀ ਲਾਜ਼ਮੀ ਮਸੀਨਰੀ ਅਤੇ ਮਨੁੱਖੀ ਸ਼ਕਤੀ ਨੂੰ ਹਰੇਕ ਹਾਲਾਤ ਦਾ ਮੁਕਾਬਲਾ ਕਰਨ ਲਈ ਤਿਆਰ ਰੱਖਿਆ ਗਿਆ ਹੈ । ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸੁਖਨਾ ਚੋਅ ਅਤੇ ਘੱਗਰ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਸਨੀਕ ਇਨ੍ਹਾਂ ਪਾਣੀ ਦੇ ਸਰੋਤਾਂ ਵੱਲ ਨਾ ਜਾਣ ਅਤੇ ਆਵਾਜਾਈ ਲਈ ਬਲਟਾਣਾ ਪੁਲ ਅਤੇ ਮੁਬਾਰਕਪੁਰ ਕਾਜ਼ਵੇਅ ਨੂੰ ਛੱਡ ਵੱਖ-ਵੱਖ ਬਦਲਵੇਂ ਰਸਤੇ ਵਰਤਣ । ਪ੍ਰਸ਼ਾਸਨ ਵੱਲੋਂ ਦੁਹਰਾਇਆ ਗਿਆ ਕਿ ਸਥਿਤੀ ਕਾਬੂ ਵਿੱਚ ਹੈ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਹੜ੍ਹ ਸੰਬੰਧੀ ਕਿਸੇ ਵੀ ਤਰਾਂ ਦੀਆਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ । ਕਿਸੇ ਵੀ ਜਾਣਕਾਰੀ ਲਈ ਹੇਠ ਲਿਖੇ ਕੰਟਰੋਲ ਰੂਮ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ : ਡੀ. ਸੀ. ਦਫ਼ਤਰ ਕੰਟਰੋਲ ਰੂਮ-0172-2219506 ਅਤੇ ਮੋਬਾਈਲ: 76580-51209, ਸਬ-ਡਿਵੀਜ਼ਨ ਡੇਰਾਬੱਸੀ: 01762-283224 ।