July 6, 2024 01:29:02
post

Jasbeer Singh

(Chief Editor)

Patiala News

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਵੱਖ ਵੱਖ ਮਜ਼ਦੂਰ ਸੰਗਠਨਾਂ ਨੇ ਸ਼ਹਿਰ ਕੀਤਾ ਵਿਸ਼ਾਲ ਮੋਟਰਸਾਈਕਲ ਮਾਰਚ

post-img

ਪਟਿਆਲਾ, 1 ਮਈ (ਜਸਬੀਰ)-ਏਟਕ, ਟਰੇਡ ਯੂਨੀਅਨ ਕੌਂਸਲ ਪਟਿਆਲਾ, ਪ.ਸ.ਸ.ਫ. ਜ਼ਿਲਾ ਪਟਿਆਲਾ ਅਤੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਕਿਰਤੀਆਂ ਦਾ ਇਤਿਹਾਸਕ ਪਹਿਲੀ ਮਈ ਦਿਵਸ ਬੜੇ ਹੀ ਉਤਸ਼ਾਹਜਨਕ ਤਰੀਕੇ ਨਾਲ ਮਨਾਇਆ ਗਿਆ। ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਉਤਮ ਸਿੰਘ ਬਾਗੜੀ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੌਲੱਖਾ ਅਤੇ ਗੁਰਵਿੰਦਰ ਸਿੰਘ ਗੋਲਡੀ ਦੀ ਅਗਵਾਈ ਵਿਚ ਹਰ ਇਕ ਮਹਿਕਮੇ ਅਤੇ ਫੈਕਟਰੀਆਂ ਦੇ ਗੇਟਾਂ ਉਪਰ ਗੇਟ ਰੈਲੀਆਂ ਕਰਨ ਉਪਰੰਤ ਲਾਲ ਰੰਗ ਦੇ ਝੰਡੇ ਲਹਿਰਾਏ ਗਏ। ਇਸ ਤੋਂ ਇਲਾਵਾ ਯੂਨੀਅਨਾਂ ਦੇ ਦਫ਼ਤਰਾਂ ’ਤੇ ਵੀ ਲਾਲ ਝੰਡੇ ਲਹਿਰਾਏ ਗਏ ਅਤੇ ਉਸ ਤੋਂ ਬਾਅਦ ਪੁਰਾਣਾ ਬੱਸ ਸਟੈਂਡ ਪਟਿਆਲਾ ਦੇ ਨੇੜੇ ਓਵਰ ਬਿ੍ਰਜ ਦੇ ਥੱਲੇ ਪਟਿਆਲਾ ਸ਼ਹਿਰ ਦੇ ਸਾਰੇ ਮੁਲਾਜਮ/ਮਜਦੂਰ ਇਕੱਠੇ ਹੋਏ ਅਤੇ ਇਕ ਵਿਸ਼ਾਲ ਰੈਲੀ ਕਰਨ ਉਪਰੰਤ ਸੈਂਕੜੇ ਵਰਕਰਾਂ ਨੇ ਸ਼ਹਿਰ ਵਿਚ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਝੰਡੇ ਲਹਿਰਾਉਂਦੇ ਹੋਏ ਪ੍ਰਭਾਵਸ਼ਾਲੀ ਮਾਰਚ ਕੀਤਾ ਜੋ ਕਿ ਆਖਰੀ ਪੜਾਅ ਥਾਪਰ ਕਾਲਜ ਪਟਿਆਲਾ ਦੇ ਮੇਨ ਗੇਟ ’ਤੇ ਪੁੱਜ ਕੇ ਕੰਮ ਤੋਂ ਕੱਢੇ ਵਰਕਰਾਂ ਦੇ ਹੱਕ ਵਿਚ ਵਿਸ਼ਾਲ ਰੈਲੀ ਕਰਕੇ ਸਮਾਪਤ ਕੀਤਾ ਗਿਆ। ਬਸ ਸਟੈਂਡ ਪਟਿਆਲਾ ਦੇ ਨਜਦੀਕ ਅਤੇ ਥਾਪਰ ਯੂਨੀਵਰਸਿਟੀ ਦੇ ਸਾਹਮਣੇ ਕੀਤੀਆਂ ਗਈਆਂ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਸਿਰਜੇ ਹੋਏ ਮਾਣਮੱਤੇ ਇਤਿਹਾਸ ’ਤੇ ਚਾਨਣਾ ਪਾਇਆ ਅਤੇ ਮਜ਼ਦੂਰ ਹੱਕਾਂ ਲਈ ਫਾਂਸੀਆਂ ਦੇ ਰੱਸੇ ਚੁੰਮ ਕੇ ਸ਼ਹੀਦ ਹੋਏ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਧਾਲੀਵਾਲ ਨੇ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ 8 ਘੰਟੇ ਕੰਮ ਦਿਹਾੜੀ ਦਾ ਕਾਨੂੰਨ ਅਤੇ ਅਨੇਕਾਂ ਹੋਰ ਲੇਬਰ ਕਾਨੂੰਨਾਂ ਦੇ ਹੋਂਦ ਵਿਚ ਆਉਣ ਦਾ ਭਰਪੂਰ ਜ਼ਿਕਰ ਕੀਤਾ। ਕਲਾਸ ਫੋਰਥ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਵਰਤਮਾਨ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਰਾਹੀਂ ਮੁਲਾਜ਼ਮਾਂ/ਮਜ਼ਦੂਰਾਂ ਦੇ ਖੋਹੇ ਜਾ ਰਹੇ ਹੱਕ ਹਕੂਕਾਂ ਸੰਬੰਧੀ ਵਿਆਖਿਆ ਕੀਤੀ। ਇਸ ਮੌਕੇ ਥਾਪਰ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਕੱਢੇ ਗਏ 28 ਵਰਕਰਾਂ ਨੂੰ ਕੰਮ ’ਤੇ ਨਾ ਲਿਆ ਗਿਆ ਤਾਂ ਯੂਨੀਵਰਸਿਟੀ ਸਾਹਮਣੇ ਪੱਕਾ ਮੋਰਚਾ ਲਾਇਆ ਜਾਵੇਗਾ, ਜਿਨ੍ਹਾਂ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਵਿਚ ਉਤਮ ਸਿੰਘ ਬਾਗੜੀ, ਕਰਮਚੰਦ ਗਾਂਧੀ, ਜਗਮੋਹਨ ਨੋਲੱਖਾ ਅਤੇ ਬਲਜਿੰਦਰ ਸਿੰਘ ਸ਼ਾਮਲ ਸਨ।

Related Post