

ਪਟਿਆਲਾ ਜ਼ਿਲ੍ਹੇ ਅੰਦਰ ਇੱਕ ਦਿਨ 'ਚ ਲਗਾਏ ਇੱਕ ਲੱਖ ਬੂਟੇ -ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਲਾਇਆ ਮਹੂਆ ਦਾ ਬੂਟਾ -ਜ਼ਿਲ੍ਹੇ ਦੇ ਸਕੂਲਾਂ, ਪੰਚਾਇਤੀ ਥਾਵਾਂ, ਪਾਣੀ ਦੀਆਂ ਟੈਂਕੀਆਂ, ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਸਮੇਤ ਆਮ ਲੋਕਾਂ ਨੇ ਵੱਧ ਚੜ੍ਹਕੇ ਲਗਾਏ ਬੂਟੇ - ਜ਼ਿਲ੍ਹੇ 'ਚ 3.50 ਲੱਖ ਬੂਟੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ ਲਗਾਏ ਜਾਣਗੇ-ਡਾ. ਪ੍ਰੀਤੀ ਯਾਦਵ -ਕਿਹਾ, ਹਰ ਨਾਗਰਿਕ ਇੱਕ-ਇੱਕ ਬੂਟਾ ਲਗਾਏ ਤੇ ਸੰਭਾਲਣ ਲਈ ਆਪਣੀ ਜ਼ਿਮੇਵਾਰੀ ਵੀ ਨਿਭਾਏ ਪਟਿਆਲਾ, 11 ਜੁਲਾਈ : ਪਟਿਆਲਾ ਜ਼ਿਲ੍ਹੇ ਅੰਦਰ ਅੱਜ ਵੱਡੀ ਪੱਧਰ 'ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਉਂਦਿਆਂ ਇੱਕ ਲੱਖ ਬੂਟੇ ਲਗਾਏ ਗਏ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਹੂਆ ਦਾ ਬੂਟਾ ਲਗਾਇਆ, ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਬਰਸਾਤੀ ਮੌਸਮ 'ਚ 6 ਲੱਖ ਬੂਟੇ ਲਗਾਏ ਜਾਣ ਦਾ ਟੀਚਾ ਮਿੱਥਿਆ ਹੈ, ਜਿਸ 'ਚੋਂ ਇਕੱਲੇ 3.5 ਲੱਖ ਬੂਟੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਹੀ ਲਗਾਏ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀਜ ਨਵਰੀਤ ਕੌਰ ਸੇਖੋਂ ਤੇ ਅਮਰਿੰਦਰ ਸਿੰਘ ਟਿਵਾਣਾ ਅਤੇ ਵਣ ਰੇਂਜ ਅਫ਼ਸਰ ਸਵਰਨ ਸਿੰਘ ਵੀ ਮੌਜੂਦ ਸਨ। ਜ਼ਿਲ੍ਹਾ ਨਿਵਾਸੀਆਂ ਨੂੰ ਇੱਕ-ਇੱਕ ਬੂਟਾ ਲਾਉਣ ਅਤੇ ਇਨ੍ਹਾਂ ਨੂੰ ਸੰਭਾਲਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸ਼ੁੱਧ ਬਣਾਉਣ ਲਈ ਮੇਰੀ ਲਾਈਫ ਅਤੇ ਇੱਕ ਬੂਟਾ ਮਾਂ ਦੇ ਨਾਮ ਸਕੀਮਾਂ ਤਹਿਤ ਨਿਮ, ਸੀਸ਼ਮ, ਅਰਜਨ, ਅੰਬ, ਜਾਮਣ, ਬਹੇੜਾ, ਫਲਦਾਰ ਤੇ ਰਵਾਇਤੀ ਦੇਸੀ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਬੂਟੇ ਵੰਡੇ ਜਾਣਗੇ ਤਾਂ ਕਿ ਉਹ ਵੀ ਇਸ ਮੁਹਿੰਮ ਵਿੱਚ ਆਪਣਾ ਹਿੱਸਾ ਪਾ ਸਕਣ ਅਤੇ ਵਾਤਾਵਰਨ ਨੂੰ ਸੰਤੁਲਿਤ ਕਰਨ 'ਚ ਆਪਣਾ ਯੋਗਦਾਨ ਦੇਣ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਹੁਣ ਜਦੋਂ ਪੂਰੀ ਦੁਨੀਆ ਵਾਤਾਵਰਨ ਪ੍ਰਤੀ ਚਿੰਤਤ ਹੈ ਅਤੇ ਵਾਤਾਵਰਨ ਦੀਆਂ ਤਬਦੀਲੀਆਂ ਸਬੰਧੀ ਚਰਚਾ ਹੋ ਰਹੀ ਹੈ ਤਾਂ ਹਰੇਕ ਮਨੁੱਖ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਵਾਤਾਵਰਨ ਪ੍ਰਤੀ ਸੁਚੇਤ ਹੋਵੇ ਅਤੇ ਵਾਤਾਵਰਨ ਦੀ ਸੰਭਾਲ ਲਈ ਇੱਕ-ਇੱਕ ਰੁੱਖ ਜਰੂਰ ਲਗਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਲੱਗੇ ਬੂਟਿਆਂ ਨੂੰ ਵੀ ਗੋਦ ਲੈਣ ਦੀ ਲੋੜ ਹੈ ਤਾਂ ਕਿ ਸਾਡੀ ਸੇਵਾ ਕਰਦੇ ਇਨ੍ਹਾਂ ਬੂਟਿਆਂ ਬਚਾਅ ਵੀ ਸਕੀਏ। ਏ. ਡੀ. ਸੀ. ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ 32500 ਬੂਟੇ, ਸਿੱਖਿਆ ਵਿਭਾਗ ਵੱਲੋਂ 37500 ਬੂਟੇ, ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ 15-15 ਹਜ਼ਾਰ ਬੂਟੇ ਸੜਕਾਂ ਤੇ ਹੋਰ ਥਾਵਾਂ 'ਤੇ ਲਗਾਏ ਗਏ ਹਨ । ਉਨ੍ਹਾਂ ਹੋਰ ਦੱਸਿਆ ਕਿ ਇਸ ਮੁਹਿੰਮ ਦੌਰਾਨ ਬਿਜਲੀ ਨਿਗਮ ਵੱਲੋਂ ਵੱਖਰੇ ਤੌਰ 'ਤੇ 10 ਹਜ਼ਾਰ ਬੂਟੇ, ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ 50-50 ਹਜ਼ਾਰ ਬੂਟੇ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ 50 ਹਜ਼ਾਰ ਬੂਟੇ, ਭੂਮੀ ਰੱਖਿਆ ਵਿਭਾਗ ਵੱਲੋਂ 1 ਲੱਖ ਬੂਟੇ, ਸਿੱਖਿਆ ਵਿਭਾਗ ਸਕੂਲਾਂ 'ਚ 50 ਹਜ਼ਾਰ ਬੂਟਿਆਂਸਮੇਤ ਸਮੂਹ ਕਾਰਜ ਸਾਧਕ ਅਫ਼ਸਰ ਵੀ ਆਪਣੇ ਅਧਿਕਾਰ ਖੇਤਰ 'ਚ 10-10 ਹਜ਼ਾਰ ਬੂਟੇ ਲਗਾਉਣਗੇ ਜਦਕਿ ਜੁਡੀਸ਼ੀਲ ਵਿਭਾਗ ਵੱਲੋਂ ਵੱਖਰੇ ਤੌਰ 'ਤੇ ਇੱਕ ਜੱਜ ਇੱਕ ਬੂਟੇ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵੱਡੀ ਗਿਣਤੀ 'ਚ ਬੂਟੇ ਲਗਾਏ ਜਾ ਰਹੇ ਹਨ ।