
ਓਪਰੇਸ਼ਨ ਸ਼ੀਲਡ: ਪਟਿਆਲਾ ਦੇ ਪੋਲੋ ਗਰਾਊਂਡ 'ਚ ਹੋਈ ਦੂਜੀ ਨਾਗਰਿਕ ਸੁਰੱਖਿਆ ਮੌਕ ਡਰਿਲ
- by Jasbeer Singh
- May 31, 2025

ਓਪਰੇਸ਼ਨ ਸ਼ੀਲਡ: ਪਟਿਆਲਾ ਦੇ ਪੋਲੋ ਗਰਾਊਂਡ 'ਚ ਹੋਈ ਦੂਜੀ ਨਾਗਰਿਕ ਸੁਰੱਖਿਆ ਮੌਕ ਡਰਿਲ -ਮੌਕ ਡ੍ਰਿਲ ਕਿਸੇ ਵੀ ਹਮਲੇ ਤੇ ਹੰਗਾਮੀ ਸਥਿਤੀ ਸਮੇਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ, ਦਾ ਅਭਿਆਸ- ਡਿਪਟੀ ਕਮਿਸ਼ਨਰ -ਸਾਇਰਨ ਵਜਾ ਕੇ ਹਵਾਈ ਹਮਲੇ, ਅੱਗ ਲੱਗਣ ਤੇ ਗੈਸ ਚੜਨ ਕਰਕੇ ਫੱਟੜਾਂ ਦੀ ਸੰਭਾਲ ਤੇ ਪ੍ਰਸ਼ਾਸਨ ਮਸ਼ੀਨਰੀ ਦੇ ਤਾਲਮੇਲ ਦੀ ਰਿਹਰਸਲ ਪਟਿਆਲਾ, 31 ਮਈ : ਓਪਰੇਸ਼ਨ ਸ਼ੀਲਡ ਤਹਿਤ ਪਟਿਆਲਾ 'ਚ ਵੱਖ-ਵੱਖ ਬਚਾਅ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਤਾਲਮੇਲ ਦਾ ਅਭਿਆਸ ਕਰਨ ਲਈ ਇੱਥੇ ਪੋਲੋ ਗਰਾਊਂਡ ਵਿਖੇ ਦੂਸਰੀ ਨਾਗਰਿਕ ਸੁਰੱਖਿਆ ਮੌਕ ਡਰਿੱਲ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਕਰਵਾਈ ਗਈ ਇਸ ਮੌਕ ਡ੍ਰਿਲ ਦੌਰਾਨ ਪੰਜਾਬ ਹੋਮ ਗਾਰਡਜ ਦੇ ਜ਼ਿਲ੍ਹਾ ਕਮਾਂਡਰ ਤੇ ਸਿਵਲ ਡਿਫੈਂਸ ਦੇ ਵਧੀਕ ਕੰਟਰੋਲਰ ਗੁਰਲਵਦੀਪ ਸਿੰਘ, ਭਾਰਤੀ ਫ਼ੌਜ ਦੇ ਕਰਨਲ ਜਪਜੀਤ ਸਿੰਘ ਤੇ ਐਸ ਪੀ ਸਿਟੀ ਪਲਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਹੇਠ ਸਾਇਰਨ ਵਜਾ ਕੇ ਹਵਾਈ ਹਮਲੇ, ਅੱਗ ਲੱਗਣ ਤੇ ਗੈਸ ਚੜਨ ਕਰਕੇ ਫੱਟੜਾਂ ਦੀ ਸੰਭਾਲ ਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੇ ਤਾਲਮੇਲ ਦੀ ਇੱਕ ਜਨਤਕ ਖੇਤਰ ਵਿੱਚ ਐਮਰਜੈਂਸੀ ਸਥਿਤੀਆਂ ਦੀ ਨਕਲ ਕਰਕੇ ਬਚਾਅ ਕਾਰਜਾਂ ਦੀ ਮੌਕ ਡ੍ਰਿਲ ਕੀਤੀ ਗਈ। ਇਸ ਦੌਰਾਨ ਨੇੜਲੀ ਕਲੋਨੀ ਲਾਲ ਬਾਗ਼ ਵਿਖੇ ਰਾਤ 8 ਤੋਂ 8:10 ਵਜੇ ਤੱਕ ਦਸ ਮਿੰਟ ਲਈ ਸੰਕੇਤਕ ਬਲੈਕ ਆਊਟ ਵੀ ਕੀਤਾ ਗਿਆ। ਓਪਰੇਸ਼ਨ ਸ਼ੀਲਡ ਦੀ ਦੂਜੀ ਮੌਕ ਡ੍ਰਿਲ ਦੌਰਾਨ ਪੁਲਿਸ, ਫੌਜ, ਐਨ.ਸੀ.ਸੀ., ਐਨ.ਐਸ.ਐਸ, ਰੈਡ ਕਰਾਸ, ਸਕਾਊਟਸ ਤੇ ਗਾਈਡਜ ਅਤੇ ਨਹਿਰੂ ਯੁਵਾ ਕੇਂਦਰ ਦੇ ਨੁਮਾਇੰਦੇ ਤੇ ਵਲੰਟੀਅਰਾਂ ਸਮੇਤ ਵਿਦਿਆਰਥੀਆਂ ਵੱਲੋਂ ਅਭਿਆਸ ਕੀਤਾ ਗਿਆ ਕਿ ਜੇਕਰ ਹਵਾਈ ਹਮਲਾ ਤੇ ਕੋਈ ਹੰਗਾਮੀ ਸਥਿਤੀ ਹੋ ਜਾਵੇ ਤਾਂ ਕਿਸ ਤਰ੍ਹਾਂ ਬਚਾਅ ਕਰਨਾ ਹੈ। ਇਸ ਮੌਕੇ ਹਵਾਈ ਹਮਲੇ ਤੇ ਅੱਗ ਲੱਗਣ ਦਾ ਸੀਨ ਬਣਾਇਆ ਗਿਆ ਤੇ ਬਚਾਅ ਸਬੰਧੀ ਕੀਤੀ ਕਾਰਵਾਈ ਨੂੰ ਦਰਸਾਇਆ ਗਿਆ। ਇਸ ਦੌਰਾਨ ਮਾਹਰਾਂ ਵੱਲੋਂ ਦੱਸਿਆ ਕਿ ਜੇਕਰ ਹਮਲੇ ਸਮੇਂ ਤੁਸੀਂ ਖੁੱਲ੍ਹੇ ਵਿੱਚ ਹੋ ਤਾਂ ਜਲਦੀ ਤੋਂ ਜਲਦੀ ਧਰਤੀ 'ਤੇ ਪੈ ਕੇ ਬਚਾਅ ਕਰਨਾ ਹੈ। ਜੇਕਰ ਬਹੁ ਮੰਜ਼ਲਾਂ ਇਮਾਰਤ ਵਿਚ ਹੋ ਤੇ ਹੇਠਲੀ ਮੰਜ਼ਿਲ ‘ਤੇ ਆ ਜਾਓ। ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ ਅਤੇ ਕੋਈ ਵੀ ਰੌਸ਼ਨੀ ਨਾ ਕਰੋ। ਜੇਕਰ ਤੁਹਾਡੇ ਨੇੜੇ ਇਮਾਰਤ ਨਹੀਂ ਹੈ ਤਾਂ ਕਿਸੇ ਦਰੱਖਤ ਦੇ ਥੱਲੇ ਓਟ ਲਵੋ। ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਤਾਂ ਵਾਹਣ ਛੱਡ ਕੇ ਥੱਲੇ ਆ ਜਾਓ। ਜੇਕਰ ਤੁਹਾਡੇ ਕੋਲ ਓਟ ਲੈਣ ਲਈ ਕੋਈ ਥਾਂ ਨਹੀਂ ਹੈ ਤਾਂ ਧਰਤੀ ਤੇ ਛਾਤੀ ਦੇ ਭਾਰ ਲੇਟ ਜਾਓ ਅਤੇ ਆਪਣੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਓ। ਇਸ ਸਮੇਂ ਦੌਰਾਨ ਕਿਸੇ ਵੀ ਪ੍ਰਕਾਰ ਦਾ ਰੌਸ਼ਨੀ ਨਾ ਕਰੋ। ਇਸ ਮੌਕੇ ਹਮਲੇ ਦੌਰਾਨ ਜਖਮੀਆਂ ਦੀ ਕਿਸ ਤਰ੍ਹਾਂ ਸੰਭਾਲ ਕਰਨ ਹੈ ਤੇ ਆਰਜੀ ਹਸਪਤਾਲ ਕਿਸ ਤਰ੍ਹਾਂ ਬਣਾਉਣੇ ਹਨ, ਅੱਗ ਲੱਗਣ ਦੀ ਸੂਰਤ ਵਿੱਚ ਅੱਗ ਤੋਂ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਤੇ ਅੱਗ ਕਿਸ ਤਰ੍ਹਾਂ ਬੁਝਾਉਣੀ ਹੈ। ਇਸ ਤੋਂ ਬਿਨਾਂ ਇਮਾਰਤ ਦੇ ਅੰਦਰ ਕਮਰੇ ਦੇ ਕੋਨੇ ਵਿੱਚ ਸ਼ਰਨ ਲਵੋ ਜਾਂ ਕੋਈ ਕੱਪ ਬੋਰਡ ਜਾਂ ਭਾਰੀ ਚੀਜ਼ ਹੈ ਤਾਂ ਉਸ ਦੇ ਹੇਠਾਂ ਵੀ ਸ਼ਰਨ ਲਈ ਜਾ ਸਕਦੀ ਹੈ ਖਿੜਕੀਆਂ ਵਿੱਚ ਖੜੇ ਨਾ ਹੋਵੋ। ਗੈਸ ਪਾਣੀ ਅਤੇ ਬਿਜਲੀ ਦੀਆਂ ਸਵਿੱਚਾਂ ਬੰਦ ਕਰ ਦਿਓ। ਇਸ ਦੇ ਨਾਲ ਹੀ ਗੈਸ ਚੜਨ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਉਪਾਅ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੀ ਵਰਤੋਂ ਸਬੰਧੀ ਅਭਿਆਸ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਕਿਸੇ ਵੀ ਖ਼ਤਰੇ ਮੌਕੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਸਹਿਯੋਗ ਦਿੰਦੇ ਹੋਏ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਤੇ ਡਾਇਰੈਕੋਰੇਟ ਜਨਰਲ ਆਫ਼ ਫਾਇਰ ਸਰਵਿਸ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡਜ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਓਪਰੇਸ਼ਨ ਸ਼ੀਲਡ ਤਹਿਤ ਇਹ ਅਭਿਆਸ ਪਹਿਲਾਂ ਤੋਂ ਯੋਜਨਾਬੱਧ ਸੀ, ਇਸ ਲਈ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕ ਡਰਿਲ ਦਾ ਉਦੇਸ਼ ਐਮਰਜੈਂਸੀ ਸਥਿਤੀਆਂ ਨੂੰ ਨਿਯੰਤਰਿਤ ਅਤੇ ਅਜਿਹੀਆਂ ਸਥਿਤੀਆਂ ਦੀ ਸੁਰੱਖਿਅਤ ਢੰਗ ਨਾਲ ਨਕਲ ਕਰਨਾ ਹੈ ਤਾਂ ਜੋ ਨਾਗਰਿਕ ਅਤੇ ਪ੍ਰਸ਼ਾਸਨ ਦੋਵੇਂ ਅਸਲ ਸੰਕਟ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਿਹਤਰ ਢੰਗ ਨਾਲ ਤਿਆਰ ਹੋਣ। ਇਸ ਮੌਕੇ ਸਿਵਲ, ਪੁਲਿਸ, ਸਿਵਲ ਡਿਫੈਂਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਰਪਿੰਦਰ ਸਿੰਘ, ਕੇ ਐਸ ਸੇਖੋਂ, ਰਜਿੰਦਰ ਕੌਸ਼ਲ, ਪ੍ਰਿਤਪਾਲ ਸਿੰਘ ਸਿੱਧੂ, ਹਰਿੰਦਰ ਸਿੰਘ ਕਰੀਰ, ਮੋਹਨਦੀਪ ਸਿੰਘ, ਕਰਮਜੀਤ ਸਿੰਘ ਭਿੰਡਰ, ਮਨਿੰਦਰ ਕੁਮਾਰ ਅੱਤਰੀ ਤੇ ਬਿਰਕਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.