13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ
- by Jasbeer Singh
- December 12, 2025
13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਪਟਿਆਲਾ, 12 ਦਸੰਬਰ 2025 : ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾ ਲਈ ਵੋਟਾਂ 14 ਦਸੰਬਰ ਨੂੰ ਪੈਣੀਆਂ ਨਿਸ਼ਚਿਤ ਹੋਈਆਂ ਹਨ । ਇਸ ਦੌਰਾਨ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਿਮਰਪ੍ਰੀਤ ਕੌਰ ਨੇ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਨੂੰ 12-00 ਵਜੇ ਤੋਂ 15 ਦਸੰਬਰ 2025 ਸਵੇਰੇ 10-00 ਵਜੇ ਤੱਕ ਡਰਾਈ ਡੇਅ ਐਲਾਨਿਆ ਹੈ । ਇਹ ਹੁਕਮ ਚੋਣਾ ਵਾਲੇ ਏਰੀਆ/ਸਥਾਨ ਦੀ ਹਦੂਦ ਵਿੱਚ ਲਾਗੂ ਹੋਵੇਗਾ । ਉਹਨਾਂ ਉਕਤ ਪਾਬੰਦੀ ਦੌਰਾਨ ਚੋਣਾ ਵਾਲੇ ਏਰੀਏ ਵਿੱਚ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜੀ) , ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ, ਅਹਾਤੇ ਜਿੱਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜਤ ਹੈ ਜਾਂ ਕਿਸੇ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ ਪਿਲਾਉਣ , ਸਟੋਰ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ' ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਚੋਣਾਂ ਦੌਰਾਨ ਸ਼ਰਾਬ ਦੀ ਚੋਰੀ ਅਤੇ ਲੀਕੇਜ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ਕਾਰਨ ਚੋਣਾਂ ਦੇ ਕੰਮ ' ਤੇ ਅਸਰ ਪੈ ਸਕਦਾ ਹੈ ਅਤੇ ਲੋਕਾਂ ਵਿੱਚ ਲੜਾਈ ਝਗੜਾ ਹੋਣ ਕਾਰਨ ਕਾਨੂੰਨੀ ਵਿਵਸਥਾ ਦੀ ਸਥਿਤੀ ਖਰਾਬ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ । ਇਸ ਲਈ ਸ਼ਾਂਤਮਈ ਅਤੇ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਦਾ ਕੰਮ ਮੁਕੰਮਲ ਕਰਾਉਣ ਲਈ ਨਸ਼ਾਬੰਦੀ ਘੋਸਿਤ ਕੀਤੀ ਜਾਣੀ ਜਰੂਰੀ ਹੈ ।
