
ਪਟਿਆਲਾ ਦੇ ਨਿਜੀ ਸਕੂਲਾਂ ‘ਚ ਸੇਫ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ : ਐਸ. ਡੀ. ਐਮ.
- by Jasbeer Singh
- April 23, 2025

ਪਟਿਆਲਾ ਦੇ ਨਿਜੀ ਸਕੂਲਾਂ ‘ਚ ਸੇਫ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ : ਐਸ. ਡੀ. ਐਮ. ਪਟਿਆਲਾ 23 ਅਪ੍ਰੈਲ 2025 : ਪਟਿਆਲਾ ਦੇ ਨਿਜੀ ਸਕੂਲਾਂ ‘ਚ ਸੇਫ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦੇਂਦਿਆਂ ਪਟਿਆਲਾ ਦੇ ਐਸ. ਡੀ. ਐਮ. ਗੁਰਦੇਵ ਸਿੰਘ ਧੰਮ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਤੇ ਟ੍ਰੈਫਿਕ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਕੂਲੀ ਵਾਹਨਾਂ ਦੀ ਅਚਨਚੇਤ ਚੈਕਿੰਗ ਕਰਨ । ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਜ਼ ਨਾਲ ਮੀਟਿੰਗ ਕਰ ਰਹੇ ਸਨ । ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜੇਕਰ ਵੱਡੇ ਸਕੂਲਾਂ ਦੇ ਛੁੱਟੀ ਦੇ ਸਮੇਂ ਵਿੱਚ 5-10 ਮਿੰਟ ਦਾ ਫਰਕ ਪਾ ਲਿਆ ਜਾਵੇ ਤਾਂ ਸ਼ਹਿਰ ਵਿੱਚ ਟ੍ਰੈਫਿਕ ਤੋ ਨਿਜ਼ਾਤ ਪਾਈ ਜਾ ਸਕਦੀ ਹੈ । ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਜੇਕਰ ਕੋਈ ਸਕੂਲ ਸੇਫ਼ ਵਾਹਨ ਨੀਤੀ ਦੀ ਉਲੰਘਣਾ ਕਰਦਾ ਹੈ ਤਾਂ ਉਸ ਸਕੂਲ ਦੇ ਪ੍ਰਿੰਸੀਪਲ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਕਈ ਵਾਰ ਅੱਗ ਬੁਝਾਊ ਯੰਤਰਾਂ ਦੀ ਮਿਆਦ ਪੂਰੀ ਹੋ ਚੁੱਕੀ ਹੂੰਦੀ ਹੈ, ੳਹਨਾ ਦੀ ਚੈਕਿੰਗ ਅਤਿ ਜਰੂਰੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋ ਬਚਿਆ ਜਾ ਸਕੇ । ਉਹਨਾਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਲਈ ਬੱਸ ਵਿੱਚ ਇੱਕ ਮਹਿਲਾ ਕੰਡਕਟਰ ਦਾ ਹੋਣਾ ਲਾਜਮੀ ਹੈ । ਐਸ. ਡੀ. ਐਮ. ਨੇ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕਰਨ ਤੇ ਜੋਰ ਦਿੰਦਿਆਂ ਕਿਹਾ ਕਿ ਸਕੂਲੀ ਬੱਸਾਂ ਤੇ ਹੋਰ ਵਾਹਨ 15 ਸਾਲ ਤੋਂ ਪੁਰਾਣੇ ਨਾ ਹੋਣ ਤੇ ਇਹ ਸੁਰੱਖਿਅਤ ਵੀ ਹੋਣ ਤਾਂ ਕਿ ਸਕੂਲ ਸੇਫ ਵਾਹਨ ਨੀਤੀ ਦੀ ਪਾਲਨਾ ਲਾਜ਼ਮੀ ਹੋਵੇ । ਊਹਨਾਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਮੁਤਾਬਕ ਡਰਾਇਵਰ ਦੀ ਨੇਮ ਪਲੇਟ ਤੇ ਵਰਦੀ, ਮਹਿਲਾ ਅਟੈਂਡੈਂਟ, ਮੁੱਢਲੀ ਸਹਾਇਤਾ ਬਕਸੇ, ਅੱਗ ਬੁਝਾਂਉ ਯੰਤਰ, ਸੀ. ਸੀ. ਟੀ. ਵੀ. ਕੈਮਰੇ ਅਤੇ ਓਵਰ ਲੋਡਿੰਗ ਕਰਨ ਵਾਲਿਆਂ ਦੇ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਵੇ ਅਤੇ ਚਲਾਨ ਕੱਟੇ ਜਾਣ । ਮੀਟਿੰਗ ਦੌਰਾਨ ਡੀ. ਐਸ. ਪੀ. ਅੱਛਰੂ ਰਾਮ , ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ/ਸੈਕੰਡਰੀ) ਸੰਜੀਵ ਕੁਮਾਰ ਅਤੇ ਵੱਖ-ਵੱਖ ਨਿਜੀ ਸਕੂਲਾਂ ਦੇ ਪ੍ਰਿੰਸੀਪਲ ਹਾਜ਼ਰ ਸਨ ।